ਚੰਡੀਗੜ੍ਹ, 17 ਸਤੰਬਰ 2019 - ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ 2019 ਨੂੰ ਕਰਾਏ ਗਏ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ 'ਚ ਉੱਘੇ ਕਵੀ ਸਰਦਾਰ ਪੰਛੀ ਵੱਲੋਂ ਦਿੱਤੇ ਭਾਸ਼ਣ ਕਾਰਨ ਪੰਜਾਬੀ ਲੇਖਕਾਂ ਦੇ ਮਨਾਂ ਨੂੰ ਠੇਸ ਪੁੱਜੀ ਸੀ। ਜਿਸ 'ਤੇ ਸਰਦਾਰ ਪੰਛੀ ਨੇ ਅੱਜ ਮਾਫੀ ਮੰਗ ਲਈ ਹੈ।
ਉਨ੍ਹਾਂ ਕਿਹਾ ਕਿ ਉਰਦੂ ਹਿੰਦੀ ਦੇ ਲੇਖਕ ਤੋਂ ਪਹਿਲਾਂ ਉਹ ਪੰਜਾਬੀ ਦੇ ਲੇਖਕ ਹੀ ਸਨ ਤੇ ਉਸ ਦਿਨ ਜਾਣੇ ਅਣਜਾਣੇ 'ਚ ਉਨ੍ਹਾਂ ਦੁਆਰਾ ਕੁਝ ਅਜਿਹੇ ਸ਼ਬਦ ਬੋਲੇ ਗਏ ਜਿੰਨ੍ਹਾਂ ਕਾਰਨ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸਰਦਾਰ ਪੰਛੀ ਨੇ ਇੱਕ ਚਿੱਠੀ ਲਿਖਦਿਆਂ ਮਾਫੀ ਮੰਗੀ ਹੈ ਤੇ ਇਸ ਵਿਵਾਦ ਨੂੰ ਹੋਰ ਨਾ ਵਧਾਉਣ ਦੀ ਬੇਨਤੀ ਵੀ ਕੀਤੀ।
ਕੀ ਸੀ ਮਾਮਲਾ ?
ਦਰਅਸਲ ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ 2019 ਨੂੰ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਕੀਤਾ ਗਿਆ ਸੀ, ਜਿਸਦੀ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਨੇ ਕੀਤੀ। ਉਨ੍ਹਾਂ ਦੇ ਨਾਲ ਡਾ. ਰਤਨ ਸਿੰਘ ਜੱਗੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸਹਿਗਲ ਅਤੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸ਼ਾਮਲ ਸਨ। ਇਸ ਸਮਾਗਮ ਵਿੱਚ ਉਰਦੂ ਦੇ ਉੱਘੇ ਲੇਖਕ ਸਰਦਾਰ ਪੰਛੀ ਵੱਲੋਂ ਪੰਜਾਬੀ ਭਾਸ਼ਾ ਨੂੰ ਗਾਲੀ ਗਲੋਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ ਸੀ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਡਾ. ਤੇਜਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਜੋਰਦਾਰ ਖੰਡਨ ਕੀਤਾ ਸੀ ਜਿਸਦਾ ਵੀਡੀੳ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।
ਸਰਦਾਰ ਪੰਛੀ ਦੁਆਰਾ ਮੰਗੀ ਮਾਫੀ ਦੀ ਕਾਪੀ ਹੇਠ ਪੜ੍ਹੋ :-