ਪੀ ਏ ਯੂ ਦੇ ਸਾਬਕਾ ਵੀ ਸੀ ਸੰਤ -ਵਿਗਿਆਨੀ ਡਾਕਟਰ ਖੇਮ ਸਿੰਘ ਗਿੱਲ ਸੁਰਗਵਾਸ
ਚੰਡੀਗੜ੍ਹ , 17 ਸਤੰਬਰ , 2019 : ਪਦਮਸ੍ਰੀ ਨਾਮਵਰ ਖੇਤੀ ਮਾਹਿਰ , ਪੀ ਏ ਯੂ ਦੇ ਸਾਬਕਾ ਵੀ ਸੀ ਅਤੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਵਾਈਸ -ਪ੍ਰਧਾਨ ਸੰਤ- ਵਿਗਿਆਨੀ ਡਾਕਟਰ ਖੇਮ ਸਿੰਘ ਗਿੱਲ ਅੱਜ ਤੜਕੇ ਅਕਾਲ ਚਲਾਣਾ ਕਰ ਗਏ ਹਨ . ਉਨ੍ਹਾਂ ਦੀ ਉਮਰ 89 ਸਾਲ ਸੀ . ਉਹ ਬੜੂ ਸਾਹਿਬ ਵਾਲੇ ਬਾਬਾ ਇਕਬਾਲ ਸਿੰਘ ਜੀ ਦੇ 'ਗੁਰ-ਭਰਾ ' ਸਨ .
ਇਹ ਜਾਣਕਾਰੀ ਦਿੰਦੇ ਹੋਏ ਬੜੂ ਸਾਹਿਬ ਦੇ ਬੁਲਾਰੇ ਆਰ ਪੀ ਐਸ ਕੋਹਲੀ ਨੇ ਦੱਸਿਆ ਕਿ ਡਾਕਟਰ ਗਿੱਲ ਦਾ ਅੰਤਿਮ ਸਸਕਾਰ 19 ਸਤੰਬਰ , 2019 ਨੂੰ 11 ਵਜੇ ਲੁਧਿਆਣੇ ਦੇ ਜੀ ਡੀ ਆਰੀਆ ਕਾਲਜ ਦੇ ਪਿੱਛੇ ਸਿਵਲ ਲਾਈਨਜ਼ ਸ਼ਮਸ਼ਾਨ ਘਾਟ 'ਚ ਹੋਵੇਗਾ .
ਕਲਗ਼ੀਧਰ ਟਰੱਸਟ ਵੱਲੋਂ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਗਿਆ ਹੈ ਕਿ ਡਾ ਗਿੱਲ ਦੀ ਚਲਾਣਾ ਮਾਨਵਤਾ ਲਈ ਇੱਕ ਵੱਡਾ ਘਾਟਾ ਹੈ .
ਡਾ ਗਿੱਲ ਪੰਜਾਬ ਦੇ ਹਰੇ ਇਨਕਲਾਬ ਲਿਆਉਣ ਵਾਲੇ ਖੇਤੀ ਵਿਗਿਆਨੀਆਂ 'ਚੋਂ ਮੋਹਰੀ ਸਨ . ਆਪਣੀ ਸੇਵਾ ਮੁਕਤੀ ਤੋਂ ਬਾਅਦ ਉਹ ਬੜੂ ਸਾਹਿਬ ਨਾਲ ਜੁੜ ਕੇ ਧਾਰਮਿਕ , ਵਿੱਦਿਅਕ ਅਤੇ ਸਮਾਜਿਕ ਸੇਵਾ ਵਿਚ ਲੱਗੇ ਰਹੇ .
ਉਹ ਸਾਬਕਾ ਗਰਮ ਖ਼ਿਆਲੀ ਸਿੱਖ ਰਣਜੀਤ ਸਿੰਘ ਕੁੱਕੀ ਦੇ ਪਿਤਾ ਸਨ .
---------------------------------------------------------------
ਅਲਵਿਦਾ ਡਾਕਟਰ ਖੇਮ ਸਿੰਘ ਗਿੱਲ ...ਗੁਰਭਜਨ ਗਿੱਲ
ਸੂਰਜ ਚੜ੍ਹਨੋਂ ਪਹਿਲਾਂ ਆਹ ਕੀ
ਦੱਸ ਨੀ ਧਰਤੀਏ ਦੱਸ ਕੀ ਹੋਇਆ?
ਲੈ ਗਏ ਡਾਢੇ ਸਿਰ ਤੋਂ ਅੰਬਰ, ਦਰਦ ਬਰੂਹੀਂ ਹਰ ਘਰ ਚੋਇਆ।
ਦਰਵੇਸ਼ਾਂ ਦੀ ਜੂਨ ਹੰਢਾਉਂਢਾ, ਬੋਹੜ ਬਿਰਖ਼ ਸੀ ਭਾਰਾ ਗਉਰਾ,
ਕਿਸ ਨੂੰ ਦਰਦ ਸੁਣਾਈਏ ਕਿੱਥੇ?
ਅੱਜ ਕਣਕਾਂ ਦਾ ਬਾਬਲ ਮੋਇਆ।
ਕਣਕ ਖੋਜ ਦੇ ਮੋਢੀਆਂ ਚੋਂ ਪ੍ਰਮੁੱਖ
ਡਾ: ਖੇਮ ਸਿੰਘ ਗਿੱਲ ਨਹੀਂ ਰਹੇ।
ਕਾਲੇ ਕੇ(ਮੋਗਾ) ਦੇ ਜੰਮਪਲ, ਆਖ਼ਰੀ ਸਾਹੀਂ ਤੀਕ ਕਿਚਲੂ ਨਗਰ ਲੁਧਿਆਣਾ ਵੱਸਦੇ ਰਹੇ ਡ: ਖੇਮ ਸਿੰਘ ਗਿੱਲ ਖ਼ਾਲਸਾ ਕਾਲਿਜ ਅੰਮ੍ਰਿਤਸਰ ਦੇ ਗਰੈਜੂਏਟ ਤੇ ਖੇਤੀ ਕਾਲਿਜ ਲੁਧਿਆਣਾ ਦੇ ਪੋਸਟ ਗਰੈਜੂਏਟ ਸਨ।
ਪੰਜਾਬ ਖੇਤੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਵਾਈਸ ਚਾਂਸਲਰ ਬਣਨ ਤੀਕ ਉਹ ਇਸ ਦੇ ਸਤਿਕਾਰਤ ਵਿਗਿਆਨੀ ਰਹੇ।
ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵੱਲੋਂ ਚਲਾਈ ਵਿਦਿਅਕ ਲਹਿਰ ਅਧੀਨ ਬੜੂ ਸਾਹਿਬ ਸਥਿਤ ਅਕਾਲ ਟਰਸਟ ਵੱਲੋਂ ਅਕਾਲ ਯੂਨੀਵਰਸਿਟੀਆਂ ਤੇ ਪੰਜਾਬ ਚ ਅਕਾਲ ਅਕੈਡਮੀਆਂ ਦਾ ਜਾਲ ਫੈਲਾਉਣ ਚ ਉਹ ਆਪਣੇ ਸਹਿਪਾਠੀ ਤੇ ਸੰਤ ਡਾ: ਇਕਬਾਲ ਸਿੰਘ ਦੇ ਸਹਿਯੋਗੀ ਰਹੇ।
ਭਜਨੀਕ, ਸ਼ਾਂਤ ਸੂਰਤ, ਵਿਗਿਆਨ ਮੂਰਤ ਡਾ: ਖੇਮ ਸਿੰਘ ਗਿੱਲ ਦਾ ਚਲਾਣਾ ਦੁਖਦਾਈ ਤਾਂ ਹੈ ਪਰ ਤਸੱਲੀ ਹੈ ਕਿ ਉਹ ਪੂਰੀ ਜ਼ਿੰਦਗੀ ਚ ਨਵੇਂ ਨਵੇਲੇ ਰੰਗ ਭਰ ਗਏ।
ਹਰ ਵੇਲੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਲੇ ਡਾ: ਖੇਮ ਸਿੰਘ 1983 ਚ ਮੇਰੇ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਆਉਣ ਵੇਲੇ ਮੇਰੀ ਚੋਣ ਕਮੇਟੀ ਦੇ ਵੀ ਚੇਅਰਮੈਨ ਸਨ।
ਸੱਚੀਂ ਮਨ ਉਦਾਸ ਹੋਇਆ ਹੈ
ਸਵੇਰ ਸਾਰ ਇਹ ਖ਼ਬਰ ਸੁਣਕੇ।
ਸਮੁੱਚੇ ਵਿਗਿਆਨ ਜਗਤ, ਪਰਮਾਰਥ ਪਾਂਧੀਆਂ , ਪਰਿਵਾਰ ਤੇ ਸੰਸਾਰ ਲਈ ਇਹ ਦਿਵਸ ਪਹਿਲਾਂ ਜਿੰਨਾ ਚਾਨਣਾ ਨਹੀਂ ਹੋਵੇਗਾ।
ਨਮਨ!
ਡਾ: ਖੇਮ ਸਿੰਘ ਗਿੱਲ ਜੀ
ਚਰਨ ਬੰਦਨਾ
⚫
ਗੁਰਭਜਨ ਗਿੱਲ
17.9.2019