ਚੰਡੀਗੜ੍ਹ, 16 ਸਤੰਬਰ 2019 - ਵਿਦੇਸ਼ ਜਾਣ ਦੀ ਹੋੜ ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਨੇੜਲੇ ਰਾਜਾਂ ਵਿੱਚ ਵੀ ਇੱਕ ਬਿਹਤਰ ਭਵਿੱਖ ਜੀਣ ਦੀ ਆਸ ਵਜੋਂ ਨੌਜਵਾਨਾਂ ਦੀ ਅੱਖ ਦਾ ਸੁਪਨਾ ਬਣਿਆ ਹੋਇਆ ਹੈ। ਮਾਂ-ਪਿਓ ਪੂਰੀ ਰੀਝਾਂ ਨਾਲ ਆਪਣੇ ਜਵਾਨ ਪੁੱਤ-ਧੀ ਨੂੰ ਬਾਹਰ ਇੱਕ ਸੁਨਹਿਰੇ ਭਵਿੱਖ ਲਈ ਭੇਜਦੇ ਹਨ, ਪਰ ਜੇ ਕਿਸੇ ਇਕਲੌਤਾ ਪੁੱਤ ਦੀ ਲਾਸ਼ ਵਿਦੇਸ਼ੋਂ ਆਵੇ ਤਾਂ ਮਾਂ-ਪਿਓ ਆਪ ਇੱਕ ਜ਼ਿੰਦਾ ਲਾਸ਼ ਬਣ ਕੇ ਰਹਿ ਜਾਂਦੇ ਹਨ।
ਅਜਿਹਾ ਹਾਦਸਾ ਅਭਿਸ਼ੇਕ ਨਾਂਅ ਦੇ ਨੌਜਵਾਨ ਨਾਲ ਹੋਇਆ, 23 ਵਰਿਆ ਦਾ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਕਨੇਡਾ ਵਿਖੇ ਰਹਿ ਰਿਹਾ ਸੀ। ਪਿਛਲੇ ਦਿਨੀ ਇੱਕ ਸੜ੍ਹਕ ਦੁਰਘਟਨਾ ਵਿੱਚ ਇਸਦੀ ਮੌਤ ਹੋ ਗਈ। ਲੰਘੇ ਐਤਵਾਰ ਨੂੰ ਅਭਿਸ਼ੇਕ ਦੇ ਪਿੰਡ ਵਿੱਚ ਉਸਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਭਿੱਜਿਆਂ ਅੱਖਾਂ ਨਾਲ ਉਸ ਦਾ ਸੰਸਕਾਰ ਦੀ ਵਿਧੀ ਨੂੰ ਸੰਪੂਰਨ ਕੀਤਾ।
ਅਭਿਸ਼ੇਕ ਦੇ ਪਿੰਡ ਦੇ ਰਹਿਣ ਵਾਲੀ ਬੀਬੀ ਦਵਿੰਦਰ ਪਾਲ ਕੌਰ ਨੇ “ਹੈਲਪਿੰਗ ਹੈਪਲੈੱਸ” ਦੀ ਟੀਮ ਨਾਲ ਸੰਪਰਕ ਕਰਦਿਆਂ ਮੱਦਦ ਲਈ ਕਿਹਾ, ਸੰਸਥਾ ਦੇ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਤੇ ਕਨੇਡਾ ਤੋਂ ਸੰਸਥਾ ਦਾ ਸੰਚਾਲਕ ਕਾਰਜ ਸਾਭਣ ਵਾਲੇ ਬੀਬੀ ਰੁਪਿੰਦਰ ਕੌਰ ਨੇ ਪੱਬਾਂ ਭਾਰ ਹੋ ਕੇ 7 ਦਿਨਾਂ ਦੇ ਅੰਦਰ-ਅੰਦਰ ਮ੍ਰਿਤਕ ਦੇਹ ਪਰਿਵਾਰ ਦੇ ਕੋਲ ਪੁਜਾ ਦਿੱਤੀ। ਇਸ ਨੇਕ ਕੰਮ ਵਿੱਚ ਕਨੇਡਾ ਦੇ ਸਟੂਡੇਂਟਜ਼ ਨੇ ਪੂਰਾ ਸਾਥ ਦਿੱਤਾ। ਵਿਦੇਸ਼ ਵਿੱਚ ਵਸੀ ਅਭਿਸ਼ੇਕ ਦੇ ਪਿੰਡੋਂ ਬੀਬੀ ਹਰਦੀਪ ਕੌਰ ਨੇ ਆਪਣੇ ਪਤੀ ਸ਼੍ਰੀ ਜਗਜੀਤ ਸਿੰਘ ਗਿੱਲ ਨੇ ਆਰਥਿਕ ਸਹਾਇਤਾ ਵਿੱਚ ਪੂਰਾ ਯੋਗਦਾਨ ਪਾਇਆ।
ਇਸ ਨੇਕ ਕਾਰਜ ਨੂੰ ਪੂਰਾ ਕਰਨ ਵਾਸਤੇ ਸਟੂਡੈਂਟ ਹੀ ਨਹੀਂ ਵਿਦੇਸ਼ਾਂ ਵਿੱਚ ਰਹਿਣ ਵਾਲੀ ਸਾਰੀ ਪੰਜਾਬੀ ਕਮਿਊਨਿਟੀ ਨੇ ਵੱਧ ਤੋਂ ਵੱਧ ਪੈਸੇ ਇਕੱਠੇ ਕਰਕੇ ਸਹਾਇਤਾ ਕੀਤੀ ਤਾਂ ਜੋ ਮ੍ਰਿਤਕ ਦੇਹ ਘਰਵਾਲਿਆਂ ਕੋਲ ਜਲਦੀ ਤੋਂ ਜਲਦੀ ਭੇਜੀ ਜਾ ਸਕੇ।
ਕਨੇਡਾ ਦੇ ਫਲੀਟਵੂਡ ਸ਼ਹਿਰ ਦੇ ਐਮ.ਐਲ.ਏ ਸ਼੍ਰੀ ਜਗਰੂਪ ਬਰਾੜ ਨੇ ਨਾ ਸਿਰਫ ਸੰਸਥਾ ਹੈਲਪਿੰਗ ਹੈਪਲੈੱਸ ਦਾ ਸਾਥ ਦਿੰਦਿਆਂ ਆਪਣਾ ਸਮਾਂ ਦਿੱਤਾ ਸਗੋਂ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸੰਸਥਾ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ।
ਇਹ ਇੱਕ ਮੰਦ ਭਾਗੀ ਘਟਨਾ ਹੈ ਗਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਜਿਸ ਤੇ ਪਰਿਵਾਰ ਆਰਥਿਕ ਤੌਰ ਤੇ ਨਿਰਭਰ ਸੀ ਉਨ੍ਹਾਂ ਨੂੰ ਹਮੇਸ਼ਾ ਲਈ ਅਲਵੀਦਾ ਕਹਿ ਗਿਆ।