ਫਾਇਲ ਫ਼ੋਟੋ : ਫ਼ਾਜ਼ਿਲਕਾ ਵਿਖੇ ਇੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ।
ਜਗਦੀਸ਼ ਥਿੰਦ
ਫਾਜ਼ਿਲਕਾ, 11 ਸਤੰਬਰ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ 12 ਸਤੰਬਰ 2019 ਨੂੰ ਜਲਾਲਬਾਦ ਦਾ ਦੌਰਾ ਕਰਕੇ ਇੱਥੇ ਸਾਰੇ ਦਫ਼ਤਰ ਇਕੋ ਥਾਂ ਕਰਨ ਦਾ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਣਗੇ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ: ਮਨਪ੍ਰੀਤ ਸਿੰਘ ਛੱਤਵਾਲ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਸਸਤਾ ਭੋਜਨ ਮੁਹਈਆ ਕਰਵਾਉਣ ਦਾ ਉਪਰਾਲਾ ਆਰੰਭਿਆ ਗਿਆ ਸੀ ਜਿਸ ਤਹਿਤ ਫਾਜ਼ਿਲਕਾ ਵਿਖੇ ਚੱਲ ਰਹੀ ਸਾਂਝੀ ਰਸੋਈ ਦੀ ਤਰਜ ਤੇ ਹੀ ਜਲਾਲਾਬਾਦ ਵਿਖੇ ਵੀ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕੈਬਨਿਟ ਮੰਤਰੀ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਸਾਂਝੀ ਰਸੋਈ ਦਾ ਵੀ ਦੌਰਾ ਕਰਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਬ ਡਵੀਜਨ ਦੇ ਇਕੋ ਥਾਂ ਸਥਾਪਿਤ ਕੀਤੇ ਸਰਕਾਰੀ ਦਫ਼ਤਰਾਂ ਦਾ ਦੌਰਾ ਵੀ ਕੀਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਲੋਕਾਂ ਨੂੰ ਇਕੋ ਥਾਂ ਸਰਕਾਰੀ ਸਹੁਲਤਾਂ ਮੁਹਈਆ ਕਰਵਾਉਣ ਲਈ ਉਪਮੰਡਲ ਦੇ ਜਿਆਦਾਤਰ ਦਫ਼ਤਰ ਇਕੋ ਥਾਂ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਇੱਧਰ ਉਧਰ ਨਾ ਜਾਣਾ ਪਵੇ ਅਤੇ ਉਨਾਂ ਦੇ ਸਾਰੇ ਸਰਕਾਰੀ ਕੰਮ ਇਕੋ ਥਾਂ ਹੋ ਸਕਨ।
ਇਸ ਤੋਂ ਬਾਅਦ ਸ: ਬਲਬੀਰ ਸਿੰਘ ਸਿੱਧੂ ਜਲਾਲਾਬਾਦ ਵਿਖੇ ਹਰਕ੍ਰਿਸ਼ਨ ਪੈਲੇਸ ਵਿਖੇ ਹਲਕੇ ਦੇ ਪੰਚਾਂ ਸਰਪੰਚਾਂ ਨਾਲ ਇਲਾਕੇ ਦੇ ਵਿਕਾਸ ਸਬੰਧੀ ਚਰਚਾ ਕਰਣਗੇ ਅਤੇ ਪਿੰਡਾਂ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜਾ ਲੈਣਗੇ।