ਸਰਹੱਦ ਤੋਂ ਚਾਲੀ ਕਰੋੜ ਦੀ ਹੈਰੋਇਨ ਬਰਾਮਦ
ਗੁਰਨਾਮ ਸਿੱਧੂ
ਫਿਰੋਜ਼ਪੁਰ 11 ਸਤੰਬਰ : ਹਿੰਦ-ਪਾਕਿ ਸਰਹੱਦ 'ਤੇ ਸਥਿਤ ਚੌਂਕੀ ਸ਼ਾਮੇ ਕੇ ਇਲਾਕੇ ਦੇ ਵਿਚੋਂ ਬੀਐੱਸਐੱਫ ਜਵਾਨਾਂ ਨੂੰ 8 ਕਿਲੋਂ ਹੈਰੋਇਨ ਅਤੇ 57 ਗ੍ਰਾਮ ਅਫ਼ੀਮ ਬਰਾਮਦ ਹੋਣ ਦੀ ਸਫ਼ਲਤਾ ਪ੍ਰਾਪਤ ਹੋਈ ਹੈ। ਬੀਐੱਸਐੱਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਮੇ ਕੇ ਚੌਂਕੀ ਦੇ ਏਰੀਏ ਵਿਚ ਬੀਐਸਐਫ ਜਵਾਨ ਰੋਜ਼ਾਨਾਂ ਦੀ ਤਰ੍ਹਾਂ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਕੁਝ ਸ਼ੱਕੀ ਲਿਫਾਫੇ ਵਿਖਾਈ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਕਤ ਲਿਫਾਫਿਆਂ ਨੂੰ ਖੋਲਿਆ ਗਿਆ ਤਾਂ ਉਸ ਦੇ ਵਿਚੋਂ ਹੈਰੋਇਨ ਅਤੇ ਅਫ਼ੀਮ ਬਰਾਮਦ ਹੋਈ। ਬੀਐੱਸਐੱਫ਼ ਅਧਿਕਾਰੀਆਂ ਮੁਤਾਬਿਕ ਹੈਰੋਇਨ ਦਾ ਵਜਨ ਤੋਲਣ 'ਤੇ 8 ਕਿਲੋ ਪਾਇਆ ਗਿਆ, ਜਦੋਂਕਿ ਇਕ ਛੋਟੇ ਲਿਫ਼ਾਫੇ ਵਿਚ ਬੰਦ ਅਫ਼ੀਮ ਦਾ ਵਜਨ ਤੋਲਨ 'ਤੇ 57 ਗ੍ਰਾਮ ਪਾਇਆ ਗਿਆ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹੈਰੋਇਨ ਸਤਲੁਜ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਹੋਣ ਦੇ ਕਾਰਨ ਭਾਰਤ ਦੇ ਅੰਦਰ ਪਾਕਿਸਤਾਨੀ ਸਮੱਗਲਰ ਦੇ ਵਲੋਂ ਭੇਜੀ ਗਈ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਦੇ ਵਿਚ ਕੀਮਤ ਕਰੀਬ 40 ਕਰੋੜ ਰੁਪਏ ਹੈ।