ਨਿਰਵੈਰ ਸਿੰਘ ਸਿੰਧੀ
ਮਮਦੋਟ, 26 ਅਗਸਤ - ਜਿਥੇ ਇੱਕ ਪਾਸੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਆਨਲਾਈਨ ਬਦਲੀਆਂ ਅਧਿਆਪਕਾਂ ਵਾਸਤੇ ਇੱਕ ਚੰਗੀ ਪਹਿਲ ਸਾਬਤ ਹੋ ਰਹੀਆਂ ਹਨ ਓਥੇ ਹੀ ਦੂਰ ਦਰਾਡੇ ਅਤੇ ਪਿੱਛੜੇ ਇਲਾਕਿਆਂ ਵਿਚ ਚੱਲ ਰਹੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨਾਲ ਬੱਚਿਆਂ ਅਤੇ ਮਾਪਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦਿਆਂ ਅੱਜ ਮਮਦੋਟ ਦੇ ਨਾਲ ਲਗਦੇ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਦੇ ਪਿੰਡ ਵਾਸੀਆਂ ਅਤੇ ਬੱਚਿਆਂ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਸੜਕ ਉੱਪਰ ਧਰਨਾ ਦਿਤਾ ਗਿਆ।
ਧਰਨਾ ਦੇ ਰਹੇ ਧਰਨਾਕਾਰੀਆਂ ਨੇ ਦੱਸਿਆ ਕਿ ਸਕੂਲ ਅੰਦਰ ਬੱਚਿਆਂ ਦੀ ਗਿਣਤੀ 700 ਦੇ ਕਰੀਬ ਹੈ ਅਤੇ ਉਸਦੇ ਹਿਸਾਬ ਨਾਲ ਅਧਿਆਪਕਾਂ ਦੀ ਗਿਣਤੀ ਸਿਰਫ ਤਿੰਨ ਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਕੂਲ ਅੰਦਰ ਕੁੱਲ 7 ਅਧਿਆਪਕ ਸਨ ਜਿੰਨਾ ਵਿਚੋਂ ਵੱਖ ਵੱਖ ਵਿਸ਼ਿਆਂ ਦੇ 4 ਅਧਿਆਪਕ ਬਦਲੀ ਕਰਵਾ ਕੇ ਕਿਤੇ ਹੋਰ ਚਲੇ ਗਏ ਹਨ ਅਤੇ ਪਿੱਛੇ 700 ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ 3 ਅਧਿਆਪਕ ਹੀ ਰਹੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਕੂਲ ਪ੍ਰਿੰਸੀਪਲ ਵੀ ਬਦਲੀ ਕਰਵਾ ਕੇ ਕਿਤੇ ਹੋਰ ਚਲੇ ਗਏ ਹਨ, ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਸਕੂਲਾਂ ਵਿਚ ਵਧੀਆ ਪੜ੍ਹਾਈ ਦੀਆਂ ਗੱਲਾਂ ਕਰਦੀ ਹੈ ਅਤੇ ਦੂਜੇ ਪਾਸੇ ਜੋ ਸਕੂਲ ਵਧੀਆ ਚੱਲ ਰਹੇ ਹਨ ਓਥੋਂ ਅਧਿਆਪਕਾਂ ਨੂੰ ਬਦਲੀ ਕਰਕੇ ਕਿਤੇ ਹੋਰ ਭੇਜ ਰਹੀ ਹੈ ਜੋ ਕਿ ਬੱਚਿਆਂ ਨਾਲ ਸਰਾਸਰ ਧੱਕਾ ਹੈ ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੇ ਸਰਕਾਰ ਖਿਲਾਫ ਨਾਹਰੇਬਾਜੀ ਵੀ ਕੀਤੀ ਅਤੇ ਮੰਗ ਕੀਤੀ ਕਿ ਬੱਚਿਆਂ ਦੇ ਭਵਿੱਖ ਨੂੰ ਮੱਦੇਨਜਰ ਰੱਖਦੇ ਹੋਏ ਸਰਕਾਰ ਜਲਦ ਤੋਂ ਜਲਦ ਹੋਰ ਅਧਿਆਪਕਾਂ ਦੀ ਤੈਨਾਤੀ ਕਰੇ ਤਾਂ ਜੋ ਸਮਾਂ ਰਹਿੰਦੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।