ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਮਿਲ ਕੇ ਕਰਵਾਏ ਜਾਣਗੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਗੋਵਾਲ ਆਪਣੇ ਸਾਥੀਆਂ ਸਮੇਤ ਜਿੱਥੇ ਗੁਰਦੁਆਰਾ ਬੜੂ ਸਾਹਿਬ ਵਿਖੇ ਨਤਮਸਤਕ ਹੋਏ, ਓਥੇ ਨਾਲ ਹੀ ਉਨ੍ਹਾਂ ਨੇ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਗਤੀਵਿਧੀਆਂ ਬਾਰੇ ਵੀ ਟਰੱਸਟ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ।ਇਸ ਮੌਕੇ ਕਾਕਾ ਨਵਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ੯੦ ਸਾਲ ਦੀ ਉਮਰ ਤੋਂ ਟੱਪ ਜਾਣ ਕਰਕੇ ਵੀ ਜਿਸ ਭਾਵਨਾ ਨਾਲ ਸੇਵਾ ਕਰ ਰਹੇ ਹਨ, ਉਹ ਪ੍ਰਸ਼ੰਸ਼ਾਯੋਗ ਹੈ ਅਤੇ ਬਾਬਾ ਜੀ ਪੇਡੂ ਲੜਕੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵੀ ਯਤਨਸ਼ੀਲ ਹਨ, ਜਿਸ ਕਰਕੇ ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੀਆਂ ਕਰਨ ਲਈ ਟਰੱਸਟ ਵਲੋਂ ੪ ਸਾਲ ਅਤੇ ੬ ਸਾਲ ਦੀ ਮੁਫਤ ਪੜ੍ਹਾਈ ਕਰਵਾਕੇ ਅਕਾਲ ਅਕੈਡਮੀਆਂ 'ਚ ਰੁਜਗਾਰ ਦਿੱਤਾ ਜਾਂਦਾ ਹੈ । ਇਸ ਮੌਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ 'ਚ ਟਰੱਸਟ ਵਲੋਂ ੫੫੦ ਵਲੰਟੀਅਰ ਸੇਵਾ ਕਰਨ ਲਈ ਪੁੱਜਣਗੇ ਅਤੇ ਟਰੱਸਟ ਅਧੀਨ ਵੱਖ-ਵੱਖ ਅਕਾਲ ਅਕੈਡਮੀਆਂ ਦੇ ਵਿਦਿਆਰਥੀ ੧੬ ਸਤੰਬਰ ਤੋਂ ੧੬ ਅਕਤੂਬਰ ਤੱਕ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ ਕਥਾ – ਕੀਰਤਨ ਰਾਂਹੀ ਆਪਣੀ ਹਾਜ਼ਰੀ ਲਵਾਉਣਗੇ ।ਬੜੂ ਸਾਹਿਬ ਟਰੱਸਟ ਵਲੋਂ ਸੇਵਾਦਾਰ ਭਾਈ ਬਖਸ਼ੀਸ਼ ਸਿੰਘ ਅਤੇ ਡਾ. ਹਰਚਰਨ ਸਿੰਘ ਧਾਲੀਵਾਲ ਵਾਈਸ ਚਾਂਸਲਰ ਇਟਰਨਲ 'ਵਰਸਿਟੀ ਬੜੂ ਸਾਹਿਬ ਵਲੋਂ ਕਾਕਾ ਨਵਇੰਦਰਪ੍ਰੀਤ ਸਿੰਘ ਲੌਂੋਗਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ । ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਕੋਟੜਾ, ਜਥੇ. ਰਣਧੀਰ ਸਿੰਘ ਸਮੂੰਰਾ, ਜਸਵੀਰ ਸਿੰਘ ਲੌਗੋਵਾਲ, ਰੁਦਰ ਠਾਕੁਰ ਅਤੇ ਅੰਕਿਤ ਸ਼ਰਮਾ ਆਦਿ ਮੌਜੂਦ ਸਨ ।