ਟਿਊਸ਼ਨ ਸੈਂਟਰਾਂ ਵਿੱਚ ਨਾਲਸਾ ਦੀਆਂ ਹਦਾਇਤਾਂ ਮੁਤਾਬਕ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ
ਬਟਾਲਾ, 20 ਅਗਸਤ 2019 - ਗੁਰਦਾਸਪੁਰ ਸ਼ਹਿਰ ਵਿੱਚ ਇੱਕ ਟਿਊਸ਼ਨ ਸੈਂਟਰ ਦੇ ਇੱਕ ਪ੍ਰੋਫੈਸਰ ਵਲੋਂ ਨਬਾਲਿਗ ਲੜਕੀ ਨਾਲ ਛੇੜਛਾੜ ਕਰਨ ਦੀ ਖਬਰ ਅਖਬਾਰ ਵਿੱਚ ਆਉਣ ਤੋਂ ਬਾਅਦ ਗੁਰਦਾਸਪੁਰ ਵਿੱਚ ਪੈਂਦੇ ਸਾਰੇ ਹੀ ਟਿਊਸ਼ਨ ਸੈਂਟਰਾਂ ਦੀ ਇੱਕ ਹੰਗਾਮੀ ਮੀਟਿੰਗ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਣਾ ਕੰਵਰਦੀਪ ਕੌਰ ਵਲੋਂ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਾਣਾ ਕੰਵਰਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਟਿਊਸ਼ਨ ਸੈਂਟਰਾਂ ਦੇ ਮੁਖੀਆਂ ਨੂੰ ਆਪਣੇ ਟਿਊਸ਼ਨ ਸੈਂਟਰਾਂ ਵਿੱਚ ‘ਨਾਲਸਾ’ ਦੀਆਂ ਹਦਾਇਤਾਂ ਮੁਤਾਬਕ (ਚਾਈਲਡ ਫਰੈਂਡਲੀ ਲੀਗਲ ਸਰਵਿਸਸ ਟੂ ਚਿਲਡਰਨ ਐਂਡ ਦੇਅਰ ਪ੍ਰੋਟੈਕਸ਼ਨ) ਸਕੀਮ 2015 ਦੇ ਤਹਿਤ ਬੋਰਡ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।
ਉਨ੍ਹਾਂ ਨੇ ਇਸ ਸਕੀਮ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸ੍ਰੀਮੀਤੀ ਰਾਣਾ ਕੰਵਰਦੀਪ ਕੌਰ ਨੇ ਇਸ ਸਕੀਮ ਤਹਿਤ ਬੱਚਿਆਂ ਦੇ ਹੱਕਾਂ ਬਾਰੇ ਗਾਰਡੀਅਨ ਐਂਡ ਵਾਰਡ ਐਕਟ-1890, ਬਾਲ ਮਜ਼ਦੂਰੀ ਐਕਟ 1986, ਪ੍ਰੀ ਨੈਟਲ ਡਾਇਗਨੋਸਿਟਕ ਟੈਕਨੀਕ ਐਕਟ 1984, ਜੁਵੇਨਾਈਲ ਜਸਟਿਸ ਐਕਟ 2000, ਦਾ ਕਮਿਸ਼ਨ ਫਾਰ ਪ੍ਰੋਟੈਕਸ਼ਨ ਐਂਡ ਚਾਈਲਡ ਰਾਈਟਸ, ਬਾਲ ਵਿਆਹ ਕਾਨੂੰਨ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਟੋਲ ਫ੍ਰੀ ਹੈਲਪ ਲਾਈਨ ਨੰਬਰ 1968 ਦੀ ਜਾਣਕਾਰੀ ਵੀ ਦਿੱਤੀ ਅਤੇ ਇਸ ਸਬੰਧੀ ਬੋਰਡ ਬਣਾ ਕੇ ਕਲਾਸ ਰੂਮ ਦੇ ਅੰਦਰ ਅਤੇ ਬਾਹਰ ਲਗਾਉਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਕੰਮ ਵਾਲੇ ਦਿਨ ਅਦਾਲਤ ਨੰਬਰ 104, ਪਹਿਲੀ ਮੰਜ਼ਿਲ, ਜ਼ਿਲਾ ਕਚਿਹਰੀਆਂ, ਗੁਰਦਾਸਪੁਰ ਵਿਖੇ ਕਿਸੇ ਵੀ ਤਰਾਂ ਦੀ ਮੁਸ਼ਕਲ ਆਉਣ ’ਤੇ ਮਿਲ ਸਕਦੇ ਹਨ।