ਮਿੱਤਰ ਸੈਨ ਸ਼ਰਮਾ
ਮਾਨਸਾ 18 ਅਗਸਤ 2019 : ਸਥਾਨਕ ਮਾਣਯੋਗ ਅਦਾਲਤ ਵੱਲੋਂ ਭੁੱਕੀ ਤਸਕਰੀ ਦੇ ਮਾਮਲੇ 'ਚ ਇੱਕ ਵਿਅਕਤੀਆਂ ਨੂੰ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ, ਜਦਕਿ ਦੂਸਰੇ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਝੁਨੀਰ ਦੀ ਪੁਲਿਸ ਨੇ 30 ਅਗਸਤ 2018 ਨੂੰ ਲਖਵੀਰ ਸਿੰਘ ਵਾਸੀ ਪਿੰਡ ਜਟਾਣਾ ਕਲਾਂ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਕਲੋਠਾ, ਜ਼ਿਲ੍ਹਾ ਫਤਿਹਬਾਦ ਨੂੰ 81 ਕਿੱਲੋ ਭੁੱਕੀ ਸਣੇ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਨੰ: 106 ਦਰਜ ਕਰਨ ਉਪਰੰਤ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਣ ਦੀ ਅਦਾਲਤ ਵੱਲੋਂ ਲਖਵੀਰ ਸਿੰਘ ਨੂੰ ਭੁੱਕੀ ਤਸਕਰੀ ਦਾ ਦੋਸ਼ੀ ਮੰਨਦੇ ਹੋਏ ਉਸ ਨੂੰ 10 ਸਾਲ ਦੀ ਸਜ਼ਾ ਤੇ ਇੱਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀ ਨੂੰ ਦੋ ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ। ਜਦਕਿ ਅਦਾਲਤ ਵੱਲੋਂ ਮਾਮਲੇ 'ਚ ਨਾਮਜ਼ਦ ਗੁਰਦੀਪ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।