ਜ਼ਿਲ੍ਹਾ ਪੁਲਿਸ ਆਰਮੀ ਦੇ ਸਹਿਯੋਗ ਨਾਲ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ
ਦਰਿਆ ਸਤਲੁੱਜ ਦੀ ਮਾਰ ’ਚ ਆਉਂਦੇ ਨਵਾਂਸ਼ਹਿਰ ਸਮੇਤ ਲੁਧਿਆਣਾ ਰੇਂਜ ਦੇ 127 ਪਿੰਡਾਂ ’ਚ ਵਿਸ਼ੇਸ਼ ਚੌਕਸੀ
ਨਵਾਂਸ਼ਹਿਰ, 19 ਅਗਸਤ,2019
ਡੀ ਆਈ ਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀਜ਼ ਅਤੇ ਹੋਰਨਾਂ ਅਧਿਕਾਰੀਆਂ ਨਾਲ ਦਰਿਆ ਸਤਲੁਜ ਦਾ ਕਨੌਣ (ਰਾਹੋਂ-ਮਾਛੀਵਾੜਾ) ਪੁੱਲ ’ਤੇ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਪਾਸੋਂ ਸੰਭਾਵੀ ਹੜ੍ਹਾਂ ਨਾਲ ਨਿਪਟਣ ਲਈ ਆਪੋ-ਆਪਣੇ ਜ਼ਿਲ੍ਹੇ ਲਈ ਬਣਾਈ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਲੁਧਿਆਣਾ ਰੇਂਜ ’ਚ ਦਰਿਆ ਸਤਲੁੱਜ ਦੇ ਸੰਭਾਵੀ ਹੜ੍ਹ ਦੀ ਮਾਰ ਹੇਠ ਆਉਂਦੇ ਸ਼ਹੀਦ ਭਗਤ ਸਿੰਘ ਨਗਰ, ਪੁਲਿਸ ਜ਼ਿਲ੍ਹਾ ਖੰਨਾ ਅਤੇ ਲੁਧਿਆਣਾ ਦਿਹਾਤੀ ਦੇ 127 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 67 ਅਤੇ ਖੰਨਾ ਦੇ ਦਰਿਆ ਸਤਲੁੱਜ ਨਾਲ ਲਗਦੇ 25 ਪਿੰਡਾਂ ਤੋਂ ਇਲਾਵਾ ਲੁਧਿਆਣਾ ਦਿਹਾਤੀ ਦੇ ਕੁੱਝ ਦਰਿਆ ਨਾਲ ਪੈਂਦੇ ਪਿੰਡਾਂ ’ਚ ਪੁਲਿਸ ਵੱਲੋਂ ਸਥਿਤੀ ’ਤੇ ਬਰਾਬਰ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਨੌਣ ਪੁੱਲ ’ਤੇ ਲਾਏ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਕੇ ’ਤੇ ਤਾਇਨਾਤ 22 ਪੁਲਿਸ ਮੁਲਾਜ਼ਮ ਵੀ ਦਰਿਆ ਦੀ ਸਥਿਤੀ ਨੂੰ ਲੈ ਕੇ ਚੌਕਸ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਬਣਨ ’ਤੇ ਬਚਾਅ ਕਾਰਜ ਤੁਰੰਤ ਆਰੰਭੇ ਜਾ ਸਕਣ।
ਸ੍ਰੀ ਖਟੜਾ ਅਨੁਸਾਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਬਣਨ ਦੀ ਸੂਰਤ ’ਚ ਆਰਮੀ ਅਤੇ ਐਨ ਡੀ ਆਰ ਐਫ ਨਾਲ ਵੀ ਮੁਕੰਮਲ ਤਾਲਮੇਲ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿਖੇ ਅਤੇ ਲਾਢੋਵਾਲ ਵਿਖੇ ਇੱਕ-ਇੱਕ ਐਨ ਡੀ ਆਰ ਐਫ ਦੀ ਟੀਮ ਤੋਂ ਇਲਾਵਾ ਨਵਾਂਸ਼ਹਿਰ ਵਿਖੇ ਆਰਮੀ ਵੀ ਤਾਇਨਾਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ 24 ਘੰਟੇ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਇਸ ਮੌਕੇ ਐਸ ਐਸ ਪੀ ਅਲਕਾ ਮੀਨਾ ਅਤੇ ਐਸ ਪੀ (ਐਚ) ਹਰੀਸ਼ ਦਿਆਮਾ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਚਾਅ ਕਾਰਜਾਂ ਲਈ ਉਲੀਕੀ ਗਈ ਅਗਾਊਂ ਰਣਨੀਤੀ ਵੀ ਡੀ ਆਈ ਜੀ ਸ੍ਰੀ ਖਟੜਾ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਇਨ੍ਹਾਂ 67 ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਥਾਂਵਾਂ ’ਤੇ ਜਾਣ ਲਈ ਕਿਹਾ ਜਾ ਚੁੱਕਾ ਹੈ। ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਸ੍ਰੀ ਗੁਰਸ਼ਰਨਦੀਪ ਸਿੰਘ ਵੀ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਨਵਾਂਸ਼ਹਿਰ ਦੇ ਸਾਹਮਣੇ ਦਰਿਆ ਦੇ ਦੂਸਰੇ ਕੰਢੇ ’ਤੇ ਪੈਂਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।
ਬਾਅਦ ਵਿੱਚ ਡੀ ਆਈ ਜੀ ਸ੍ਰੀ ਖਟੜਾ ਵੱਲੋਂ ਰਾਹੋਂ ਥਾਣੇ ’ਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਬਣਨ ’ਤੇ ਲੋਕਾਂ ਅਤੇ ਪਸ਼ੂਆਂ ਦੀ ਜਾਨ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਦਰਿਆ ਸਤਲੁੱਜ ਦੇ ਕੰਢੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਕੁੱਝ ਸਮੇਂ ਲਈ ਸੁਰੱਖਿਅਤ ਥਾਂਵਾਂ ’ਤੇ ਵੀ ਬਣੇ ਰਹਿਣ ਦੀ ਅਪੀਲ ਕੀਤੀ ਤਾਂ ਜੋ ਹੰਗਾਮੀ ਹਾਲਤ ਬਣਨ ’ਤੇ ਮਾਨਵੀ ਨੁਕਸਾਨ ਨਾ ਹੋਵੇ।