ਕੈਲੀਫੋਰਨੀਆ, 13 ਅਗਸਤ 2019 - ਕੈਲੀਫੋਰਨੀਆ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਜੋ 1 ਜੁਲਾਈ ਤੋਂ ਲਾਗੂ ਹੋ ਚੁੱਕਾ ਹੈ। ਇਸ ਕਾਨੂੰਨ ਤਹਿਤ ਹਰ ਸਕੂਲ ਨੂੰ 7 ਵੀਂ ਤੋਂ 12 ਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਈ.ਡੀ ਕਾਰਡਾਂ ਦੇ ਨਾਲ ਸੁਸਾਇਡ ਪ੍ਰੀਵੈਂਸ਼ਨ (ਖੁਦਕੁਸ਼ੀ ਰੋਕਥਾਮ) ਦਾ ਨੰਬਰ ਛਾਪਣਾ ਲਾਜ਼ਮੀ ਹੋਏਗਾ।
ਸਕਿਉਰਿਟੀ ਮੈਗਜ਼ੀਨ ਮੁਤਾਬਕ ਸੈਨੇਟ ਬਿੱਲ 972 ਤਹਿਤ ਹੁਣ ਸਾਰੇ ਸੂਬੇ ਦੇ ਸਕੂਲਾਂ ਨੂੰ ਵਿਦਿਆਰਥੀਆਂ ਦੇ ਆਈਡੀ ਕਾਰਡਾਂ ਤੇ ਇਹ ਨੰਬਰ ਖ਼ਾਸ ਤੌਰ ਤੇ ਛਾਪਣਾ ਹੋਵੇਗਾ। ਨਵੇਂ ਆਏ ਕਾਨੂੰਨ ਅਨੁਸਾਰ ਪਬਲਿਕ, ਪ੍ਰਾਈਵੇਟ ਅਤੇ ਚਾਰਟਰ ਸਕੂਲਾਂ 'ਚ 7 ਵੀਂ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹਨ ਅਤੇ ਇਸ ਵਿੱਚ ਕਾਲਜ ਕੈਂਪਸ ਵੀ ਸ਼ਾਮਲ ਹਨ।
ਹਰ ਆਈ ਡੀ ਕਾਰਡ 'ਤੇ ਨੈਸ਼ਨਲ ਆਤਮ ਹੱਤਿਆ ਰੋਕਥਾਮ ਹਾਟਲਾਈਨ 1-800-273-8255 ਅਤੇ ਕ੍ਰਾਈਸਸ (ਸੰਕਟ) ਟੈਕਸਟ ਲਾਈਨ 741741 ਛਪੇ ਹੋਣਗੇ ਤਾਂ ਜੋ ਵਿਦਿਆਰਥੀ ਤਣਾਅ ਵਾਲੀ ਸਥਿਤੀ ਦੌਰਾਨ ਇੰਨ੍ਹਾਂ ਨੰਬਰਾਂ 'ਤੇ ਕਾਲ ਕਰ ਮਦਦ ਲਈ ਟੈਕਸਟ ਜਾਂ ਕਾਲ ਕਰ ਸਕਣ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ 'ਚ ਤਣਾਅ ਵਾਲੀ ਸਥਿਤੀ 'ਚ ਖੁਦਕੁਸ਼ੀ ਕਰਨ ਦੇ ਮਾਮਲਿਆਂ ਨੂੰ ਦੇਖਦਿਆਂ ਇਹ ਕਾਨੂੰਨ ਬਣਾਇਆ ਗਿਆ ਹੈ।