ਜੀ ਐਸ ਪੰਨੂ
ਪਟਿਆਲਾ, 20 ਜੁਲਾਈ 2019 - ਡੈਂਟਲ ਕਾਲਜ ਦੇ ਵਿਦਿਆਰਥੀਆਂ ਅਤੇ ਟ੍ਰੇਨਿੰਗਾਂ ਦੀ ਜਥੇਬੰਦੀ ਡੈਂਟਲ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਵਿਦਿਆਰਥੀਆਂ ਦੀ ਮੰਗ ਹੈ ਕਿ ਇੰਟਰਨਸ਼ਿਪ ਦੌਰਾਨ ਦਿੱਤਾ ਜਾਣ ਵਾਲਾ ਸਟਾਈਪੈਂਡ (ਵਜੀਫਾ) ਜੋ ਕਿ ਹੁਣੇ ਸਿਰਫ 9000 ਮਿਲਦਾ ਹੈ ਇਸਨੂੰ ਵਧਾ ਕੇ 20000 ਕੀਤਾ ਜਾਵੇ।
ਪਿਛਲੇ ਅੱਠ ਸਾਲਾਂ ਤੋਂ ਕਦੇ ਵੀ ਇਸ ਵਿੱਚ ਵਾਧਾ ਨਹੀਂ ਕੀਤਾ ਗਿਆ, ਜਦੋਂ ਕਿ ਸਰਕਾਰੀ ਡੈਂਟਲ ਕਾਲਜ ਵਿੱਚ ਬੀ ਡੀ ਐੱਸ ਦੀ ਫੀਸ 13000 ਤੋਂ ਵਧਾ ਕੇ 2013 ਵਿੱਚ 26000 ਕਰ ਦਿੱਤੀ ਗਈ ਸੀ ਤੇ ਫੇਰ 2015 ਵਿੱਚ 80000 ਕਰ ਦਿੱਤੀ ਗਈ ਸੀ। ਇਸ ਫੀਸ ਵਿੱਚ ਚਾਰ ਸਾਲਾਂ ਦੀ ਪੜ੍ਹਾਈ ਦੌਰਾਨ ਹਰ ਸਾਲ 10 ਫ਼ੀਸਦੀ ਦਾ ਵਾਧਾ ਵੀ ਹੁੰਦਾ ਹੈ। ਜਥੇਬੰਦੀ ਦੇ ਪ੍ਰਧਾਨ ਸਾਹਲ ਭਾਟੀਆ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਫੀਸ 3.5 ਗੁਣਾ ਵਧੀ ਸੀ, ਪਰ ਉਨ੍ਹਾਂ ਨੇ ਸਟਾਈਫਡ ਵਿੱਚ ਸਿਰਫ 2 ਗੁਣਾ ਵਾਧੇ ਦੀ ਹੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਦੋ ਹਫਤੇ ਪਹਿਲਾਂ ਇਹ ਮੰਗ ਪੱਤਰ ਦੋਵੇਂ ਡੈਂਟਲ ਕਾਲਜਾਂ ਅੰਮ੍ਰਿਤਸਰ ਅਤੇ ਪਟਿਆਲਾ ਦੇ ਪ੍ਰਿੰਸੀਪਲ ਰਾਹੀਂ ਸੰਬੰਧਤ ਅਧਿਕਾਰੀਆਂ ਨੂੰ ਭੇਜਿਆ ਸੀ। ਪਰ ਕੋਈ ਵੀ ਲੋੜੀਂਦੀ ਕਾਰਵਾਈ ਨਾ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਹੁਣ ਇਹ ਕਦਮ ਚੁੱਕਣਾ ਪਿਆ। ਉਹਨਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਹ ਮੰਗ ਪੱਤਰ ਸਬੰਧਤ ਮਹਿਕਮੇ ਵਿੱਚ ਭੇਜਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਇੱਕ ਹਫਤੇ ਦੇ ਸਮੇਂ ਵਿੱਚ ਇਸ ਸੰਬੰਧੀ ਲੋੜੀਂਦੀ ਕਾਰਵਾਈ ਨਹੀਂ ਕਰੇਗੀ ਜਾਂ ਇਸ ਬਾਰੇ ਜੱਥੇਬੰਦੀ ਨੂੰ ਕੋਈ ਜਵਾਬ ਨਹੀਂ ਭੇਜੇਗੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਡੇਮੋਕ੍ਰੇਟਿਕ ਸਟੂਡੈਂਟਸ ਆਰਗਨਾਈਜੇਸ਼ਨ ਤੋਂ ਅਮਰਜੀਤ ਅਤੇ ਸੋਨੀ ; ਏ.ਐਫ.ਡੀ.ਆਰ ਤੋਂ ਮਾਸਟਰ ਤਰਸੇਮ ਲਾਲ ਅਤੇ ਇਂਕਲਾਬੀ ਲੋਕ ਮੋਰਚਾ ਤੋਂ ਅਵਤਾਰ ਸਿੰਘ ਅਤੇ ਸ਼ਿਵ ਚਰਨ ਵੀ ਹਾਜ਼ਰ ਸਨ।