ਨਸ਼ਾ ਤਸਕਰ ਦੀ ਸੂਚਨਾ ਦੇਣ ਵਾਲੇ ਦਾ ਨਾਮ ਰੱਖਿਆ ਜਾਂਦੈ ਗੁਪਤ: ਗੁਰਪ੍ਰੀਤ ਸਿੰਘ
ਜਗਦੀਸ਼ ਥਿੰਦ
ਫ਼ਾਜ਼ਿਲਕਾ, 18 ਜੁਲਾਈ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਆਦਤ ਤੋਂ ਦੂਰ ਰੱਖਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਸਾਂਝੇ ਤੌਰ 'ਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖੂਈਖੇੜਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਮਿਊਨਿਟੀ ਹੈਲਥ ਸੈਂਟਰ ਖੂਈਖੇੜਾ ਦੇ ਮੈਡੀਕਲ ਅਫਸਰ ਡਾ. ਕੰਵਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਹਰ ਰੋਜ਼ ਨਸ਼ਾ ਕਰਨ ਵਾਲੇ ਲੋਕਾਂ ਦਾ ਇਲਾਜ ਕਰਕੇ ਨਸ਼ਾ ਛੁਡਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨੌਜਵਾਨ ਪੀੜ੍ਹੀ ਸਕੂਲਾਂ ਅਤੇ ਕਾਲਜਾਂ ਦੇ ਸਮੇਂ ਹੀ ਨਸ਼ੇ ਦੀ ਸ਼ੁਰੂਆਤ ਆਪਣੇ ਮਿੱਤਰਾਂ ਨੂੰ ਦੇਖ ਕੇ ਕਰਦੀ ਹੈ ਪਰ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਇਸ ਦੀ ਭੈੜੀ ਆਦਤ ਲੱਗ ਜਾਂਦੀ ਹੈ, ਉਦੋਂ ਤੱਕ ਉਨ੍ਹਾਂ ਨੂੰ ਕਿਸੇ ਨਾ ਕਿਸੇ ਬੀਮਾਰੀ ਨੇ ਘੇਰ ਲਿਆ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਪਹਿਲਾਂ ਹੀ ਪਤਾ ਹੋਵੇ ਤਾਂ ਕਿ ਅਸੀਂ ਸਭ ਇਸ ਤੋਂ ਬਚ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਹੋਰਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਇਸ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਕੌਂਸਲਰ ਸੁਖਦੇਵ ਸਿੰਘ ਨੇ ਕਿਹਾ ਕਿ ਖੂਈਖੇੜਾ ਹਸਪਤਾਲ ਵਿੱਚ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਨ ਲਈ ਓ.ਓ.ਏ.ਟੀ. ਸੈਂਟਰ ਖੋਲ੍ਹਿਆ ਗਿਆ ਹੈ, ਜਿੱਥੇ ਮੌਜੂਦਾ ਸਮੇਂ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਨਸ਼ਾ ਕਰਨ ਵਾਲਿਆਂ ਦਾ ਇਲਾਜ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਇਲਾਜ ਲਈ ਆਉਣ ਵਾਲੇ ਨੌਜਵਾਨਾਂ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਸ਼ਨਾਖਤੀ ਕਾਰਡ ਬਣਾਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਹਰ ਰੋਜ਼ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਐਤਵਾਰ ਅਤੇ ਕਿਸੇ ਛੁੱਟੀ ਵਾਲੇ ਦਿਨ ਵੀ ਇਹ ਸੈਂਟਰ ਖੁੱਲ੍ਹਾ ਰਹਿੰਦਾ ਹੈ ਅਤੇ ਨਸ਼ਾ ਛੁਡਾਉਣ ਦੀ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਮੁਹੱਲੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਅਤੇ ਨਸ਼ਾ ਕਰਨ ਵਾਲੇ ਲੋਕਾਂ ਦਾ ਇਲਾਜ ਨਸ਼ਾ ਛੁਡਾਊ ਕੇਂਦਰਾਂ ਵਿਚ ਕਰਾਉਣ ਲਈ ਪ੍ਰੇਰਿਤ ਕਰਨ। ਥਾਣਾ ਸਦਰ ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਂਦੀ ਹੈ। ਇਸ ਬਾਰੇ ਸੂਚਨਾ ਦੇਣ ਲਈ ਬੱਚੇ ਸਕੂਲ ਪ੍ਰਿੰਸੀਪਲ ਅਤੇ ਹੋਰਨਾਂ ਅਧਿਆਪਕਾਂ ਤੋਂ ਥਾਣੇ ਦਾ ਨੰਬਰ ਲੈ ਸਕਦੇ ਹਨ ਜਾਂ ਫਿਰ ਹੈਲਪਲਾਈਨ ਨੰਬਰ 112 'ਤੇ ਵੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਾ ਸ਼ੁਰੂਆਤ ਵਿੱਚ ਨਸ਼ਾ ਕਰਨਾ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੇਖ ਕੇ ਹੀ ਸਿਖਦਾ ਹੈ। ਜਦੋਂ ਕੋਈ ਵੱਡਾ ਪਰਿਵਾਰਕ ਮੈਂਬਰ ਘਰ ਵਿੱਚ ਨਸ਼ਾ ਕਰਦਾ ਹੈ ਤਾਂ ਬੱਚਾ ਉਸ ਨੂੰ ਵੇਖ ਕੇ ਇਕ ਵਾਰ ਨਸ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਪਿਛੋਂ ਉਹ ਹੌਲੀ-ਹੌਲੀ ਨਸ਼ੇ ਦਾ ਆਦੀ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਅਪਰਾਧਿਕ ਘਟਨਾਵਾਂ ਨੂੰ ਵੀ ਅੰਜਾਮ ਦਿੰਦਾ ਹੈ । ਬੀ.ਈ.ਈ. ਸੁਸ਼ੀਲ ਬੇਗਾਂਵਾਲੀ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਚਾਰ ਓ.ਓ.ਏ.ਟੀ ਸੈਂਟਰ ਖੂਈਖੇੜਾ, ਸੀਤੋ ਗੁੰਨੋ, ਡੱਬਵਾਲਾ ਕਲਾਂ ਤੇ ਜਲਾਲਾਬਾਦ, ਦੋ ਨਸ਼ਾ ਛਡਾਊ ਕੇਂਦਰ ਅਬੋਹਰ ਤੇ ਫ਼ਾਜ਼ਿਲਕਾ ਅਤੇ ਪਿੰਡ ਜੱਟਵਾਲੀ ਵਿਖੇ ਮੁੜ ਵਸੇਬਾ ਕੇਂਦਰ ਚਲਾਇਆ ਜਾ ਰਿਹਾ ਹੈ, ਜਿੱਥੇ ਹੁਣ ਤੱਕ ਸੈਂਕੜੇ ਨਸ਼ਾ ਕਰਨ ਵਾਲੇ ਆਪਣਾ ਇਲਾਜ ਕਰਵਾ ਚੁੱਕੇ ਹਨ ਤੇ ਕਰਵਾ ਰਹੇ ਹਨ। ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਹਰ ਇੱਕ ਪਿੰਡ ਵਿੱਚ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਔਰਤਾਂ ਦੀਆਂ ਜਨ ਸਭਾਵਾਂ ਕਰਕੇ ਉਨ੍ਹਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਪੁਲਿਸ ਵਿਭਾਗ ਵੱਲੋਂ ਨਵਦੀਪ ਸਿੰਘ ਥਾਣਾ ਖੂਈਖੇੜਾ, ਸਕੂਲ ਅਧਿਆਪਕ ਦਰਸ਼ਨ ਸਿੰਘ ਤਨੇਜਾ, ਵੀਨਾ ਝਾਂਬ, ਵਿਨੋਦ ਕੁਮਾਰ, ਰਾਧੇ ਸ਼ਾਮ ਵਰਮਾ, ਤਰਨਜੀਤ ਕੌਰ, ਨਵਨੀਤ ਸੇਠੀ, ਅਮਿਤ ਕੁਮਾਰ, ਸੁਭਾਸ਼ ਭਟੇਜਾ ਸਣੇ ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਮੌਜੂਦ ਸਨ