ਜਗਦੀਸ਼ ਥਿੰਦ
ਫ਼ਾਜ਼ਿਲਕਾ, 17 ਜੁਲਾਈ :
ਨੌਜਵਾਨ ਪੀੜ੍ਹੀ ਨੂੰ ਫ਼ੌਜ ਵਿੱਚ ਵੱਧ ਤੋਂ ਵੱਧ ਭਰਤੀ ਕਰਵਾਉਣ ਦੇ ਮੰਤਵ ਤਹਿਤ ਸੂਬਾ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਟ੍ਰੇਨਿੰਗ ਕੈਂਪ ਆਯੋਜਿਤ ਕਰਕੇ ਇਸ ਤਹਿਤ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਕੈਂਪਾਂ ਦੌਰਾਨ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਮੇਜਰ ਅਮਰਜੀਤ ਸਿੰਘ ਟ੍ਰੇਨਿੰਗ ਅਫਸਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਸਤੰਬਰ 2019 ਵਿੱਚ ਏ.ਆਰ.ਓ ਫਿਰੋਜਪੁਰ ਵਿਖੇ ਭਰਤੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਫੌਜ ਦੀ ਭਰਤੀ ਦੇ ਮੱਦੇਨਜਰ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਸੀ-ਪਾਈਟ ਕੈਂਪ ਕਾਲਝਰਾਣੀ ਵੱਲੋਂ ਪ੍ਰੀ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਲਈ ਨੌਜਵਾਨਾਂ ਦੀ ਚੋਣ 25 ਜੁਲਾਈ 2019 ਨੂੰ ਸਵੇਰੇ 9:00 ਵਜੇ ਸੀ-ਪਾਈਟ ਕੈਂਪ ਕਾਲਝਰਾਣੀ (ਬਾਦਲ ਲੰਬੀ ਰੋਡ) ਵਿਖੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਰਤੀ ਹੋਣ ਲਈ ਨੌਜਵਾਨ ਦੀ ਉਮਰ ਸਾਢੇ ਸਤਾਰਾਂ ਸਾਲ ਤੋਂ ਇੱਕੀ ਸਾਲ ਦੇ ਵਿਚਕਾਰ, ਕੱਦ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਬਿਨਾਂ ਫੁਲਾਏ ਅਤੇ 82 ਸੈਂਟੀਮੀਟਰ ਫੁਲਾ ਕੇ ਅਤੇ ਦਸਵੀਂ ਵਿੱਚੋਂ 45 ਪ੍ਰਤੀਸ਼ਤ ਅੰਕ ਜਾਂ ਬਾਰਵੀਂ ਪਾਸ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਸਰਟੀਫਿਕੇਟ ਅਤੇ ਪੀ.ਟੀ ਬੂਟ ਕਿੱਟ ਆਦਿ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ਼ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।