ਦੇਵਾ ਨੰਦ ਸ਼ਰਮਾ
ਫ਼ਰੀਦਕੋਟ 15 ਜੁਲਾਈ - ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲਿਆ ਵੱਲੋਂ ਜ਼ਿਲ੍ਹਾ ਫਰੀਦਕੋਟ 'ਚ ਪਾਣੀ ਬਚਾਓ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਦੀ ਯੋਗ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਪਰਮਜੀਤ ਕੌਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਦੇ 150 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 35 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਮੌਕੇ ਪਾਣੀ ਦੀ ਇਕ ਇਕ ਬੂੰਦ ਬਚਾਉਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਨੂੰ ਸਮਾਜ ਨੂੰ ਜਾਗਰੂਕ ਕਰਨ ਦੀ ਜਿੰਮੇਵਾਰੀ ਵੀ ਸੌਂਪੀ ਗਈ ਹੈ। ਜ਼ਿਲ੍ਹੇ ਦੇ 150 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਕਲਾਂ ਦੇ 35 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਜਲ ਸ਼ਕਤੀ ਅਭਿਆਨ ਨਾਲ ਜੌੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲ ਸ਼ਕਤੀ ਅਭਿਆਨ ਵੱਲੋਂ ਦੇਸ਼ ਵਿਚ ਪਾਣੀ ਬਚਾਓ ਮੁਹਿੰਮ ਜੋ ਕਿ ਸਾਰੇ ਦੇਸ਼ ਵਿਚ ਦੋ ਪੜਾਵਾਂ ਵਿਚ 1 ਜੁਲਾਈ 2019 ਤੋਂ 30 ਨਵੰਬਰ 2019 ਤੱਕ ਚਲਾਈ ਜਾ ਰਹੀ ਹੈ ਜਿਸ ਮੁਹਿੰਮ ਤਹਿਤ ਪਾਣੀ ਬਚਾਉਣ ਸਬੰਧੀ ਵੱਖ ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਬਲਜੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਅੱਜ ਸਵੇਰ ਦੀ ਪ੍ਰਾਰਥਨਾ ਸਮੇਂ ਜਲ ਸ਼ਕਤੀ ਅਭਿਆਨ ਮੁਹਿੰਮ ਤਹਿਤ ਪਾਣੀ ਬਚਾਉਣ ਦਾ ਸੰਕਲਪ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅਭਿਆਨ 'ਚ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਸਾਰੇ ਕਰਮਚਾਰੀਆਂ ਨੂੰ ਪਾਣੀ ਬਚਾਉਣ ਅਤੇ ਇਸ ਦੀ ਸਹੀ ਵਰਤੋਂ ਕਰਨ ਦਾ ਪ੍ਰਣ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਲ ਦੀ ਮਹਤੱਤਾ ਸਬੰਧੀ ਪੇਟਿੰਗ, ਸਲੋਗਨ ਮੁਕਾਬਲੇ ਅਤੇ ਸੈਮੀਨਾਰ ਵੀ ਕਰਵਾਏ ਗਏ। ਇਸ ਪੇਂਟਿੰਗ ਮੁਕਾਬਲੇ ਦਾ ਮਕਸਦ ਬੱਚਿਆਂ ਦੇ ਮਨ ਵਿੱਚ ਅੱਜ ਤੋਂ ਹੀ ਜਲ ਸੰਭਾਲ ਦੀ ਭਾਵਨਾ ਪੈਦਾ ਕਰਨਾ ਹੈ ਤਾਂਕਿ ਵੱਡੇ ਹੋ ਕੇ ਬੱਚੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਦੇ ਲਈ ਕੀ ਉਪਾਅ ਹੋ ਸਕਦੇ ਹਨ ਅਤੇ ਪਾਣੀ ਸਾਡੇ ਲਈ ਕਿੰਨਾ ਜ਼ਰੂਰੀ ਹੈ, ਇਸ ਥੀਮ ਤੇ ਬੱਚਿਆਂ ਤੋਂ ਪੇਂਟਿੰਗ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਵੱਲੋਂ ਵਧੀਆ ਪੇਂਟਿੰਗਾਂ ਬਣਾਈਆਂ ਗਈਆਂ ਅਤੇ ਸਕੂਲ ਪੱਧਰ ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।