ਨਵਾਂ ਸ਼ਹਿਰ, 14 ਜੁਲਾਈ, 2019: ਸ਼ੁੱਕਰਵਾਰ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੌਰੇ ’ਤੇ ਆਈ ਹੋਈ ਉੱਚ ਪੱਧਰੀ ਕੇਂਦਰੀ ਟੀਮ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਦੇ ਯਤਨਾਂ ਤਹਿਤ ਅੱਜ ਸਾਹਲੋਂ, ਔੜ ਤੇ ਬੁਹਾਰਾ ਪਿੰਡਾਂ ਦਾ ਦੌਰਾ ਕੀਤਾ ਗਿਆ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਲਾਹਕਾਰ ਸ੍ਰੀ ਰਾਮ ਕਰਨ ਦੀ ਅਗਵਾਈ ਹੇਠ ਆਈ ਇਸ ਤਿੰਨ ਮੈਂਬਰੀ ਟੀਮ ਦਾ ਮੰਤਵ ਜ਼ਿਲ੍ਹੇ ਦੇ ਪਾਣੀ ਦੇ ਪੱਧਰ ਦੇ ਪੱਖ ਤੋਂ ਡਾਰਕ ਜ਼ੋਨ ’ਚ ਜਾ ਚੁੱਕੇ ਬਲਾਕਾਂ ਦਾ ਦੌਰਾ ਕਰਕੇ, ਧਰਤੀ ਹੇਠਲੇ ਪਾਣੀ ਨੂੰ ਵੱਖ-ਵੱਖ ਢੰਗਾਂ ਨਾਲ ਰੀਚਾਰਜ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਅਤੇ ਉਨ੍ਹਾਂ ’ਤੇ ਅਮਲ ਸ਼ੁਰੂ ਕਰਵਾਉਣਾ ਸੀ। ਟੀਮ ਦੇ ਦੋ ਹੋਰਨਾਂ ਮੈਂਬਰਾਂ ’ਚ ਸ਼ਿਫ਼ਾਲੀ ਢਾਂਗਰਾ ਡਾਇਰੈਕਟਰ ਸੀ ਈ ਏ ਅਤੇ ਸੰਦੀਪ ਬਿਸ਼ਟ ਡਿਪਟੀ ਡਾਇਰੈਕਟਰ ਸੀ ਡਬਲਯੂ ਸੀ ਸ਼ਾਮਿਲ ਹਨ।
ਟੀਮ ਵੱਲੋਂ ਸਾਹਲੋਂ ਅਤੇ ਔੜ ਦੇ ਦੌਰੇ ਦੌਰਾਨ ‘ਰੂਫ਼ ਟਾਪ ਰੇਨ ਵਾਟਰ ਹਾਰਵੈਸਟਿੰਗ’ ਢਾਂਚਿਆਂ ਦਾ ਨਿਰੀਖਣ ਕੀਤਾ ਗਿਆ। ਟੀਮ ਵੱਲੋਂ ਬੁਹਾਰਾ ਵਿਖੇ ਨਿਕਾਸੀ ਪਾਣੀ ਦੇ ਛੱਪੜ ਦੀ ਪੁਨਰ ਸੁਰਜੀਤੀ ਦੇ ਕੰਮ ਨੂੰ ਵੀ ਦੇਖਿਆ ਗਿਆ। ਔੜ-ਮੱਲ੍ਹਾ ਬੇਦੀਆਂ ਸੜ੍ਹਕ ’ਤੇ ਵਣ ਵਿਭਾਗ ਵੱਲੋਂ ਲਾਏ ਪੌਦਿਆਂ ਨੂੰ ਦੇਖਣ ਬਾਅਦ ਟੀਮ ਵੱਲੋਂ ਵਣ ਵਿਭਾਗ ਨੂੰ ਭਾਰਟਾ ਖੁਰਦ ’ਚ ਲਾਏ ਜਾਣ ਵਾਲੇ 10 ਹਜ਼ਾਰ ਪੌਦਿਆਂ ਦੇ ਪ੍ਰਾਜੈਕਟ ਨੂੰ ਜਲਦੀ ਅਮਲੀ ਰੂਪ ਦੇਣ ਦੀ ਤਾਕੀਦ ਕੀਤੀ ਗਈ। ਟੀਮ ਵੱਲੋਂ ਉੜਾਪੜ ’ਚ ਪਾਣੀ ਦੀ ਬੱਚਤ ਲਈ ਲਾਏ ਗਏ ਤੁਪਕਾ ਸਿੰਚਾਈ ਪ੍ਰਾਜੈਕਟ ਦਾ ਮੁਆਇਨਾ ਕਰਦਿਆਂ ਇਸ ਦੀ ਸ਼ਲਾਘਾ ਵੀ ਕੀਤੀ ਗਈ। ਬਾਅਦ ’ਚ ਟੀਮ ਨੇ ਸੀਚੇਵਾਲ ਮਾਡਲ ਤਹਿਤ ਪਿੰਡ ਦੇ ਚੱਪੜ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਵੀ ਲਿਆ। ਟੀਮ ਵੱਲੋਂ ਬਾਰਸ਼ ਦੇ ਬਾਵਜੂਦ ਸਥਾਨਕ ਲੋਕਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਕੇਂਦਰ ਵੱਲੋਂ ਆਰੰਭੇ ਜਲ ਸ਼ਕਤੀ ਅਭਿਆਨ ਬਾਰੇ ਦੱਸਿਆ ਗਿਆ।
ਤੀਸਰੇ ਦਿਨ ਦੇ ਇਸ ਦੌਰੇ ਦੀ ਸੰਪੂਰਨਤਾ ਇਸ ਉੱਚ ਪੱਧਰੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਕੀਤੀ ਗਈ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਨੇ ਜ਼ਿਲ੍ਹੇ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਵਾਸਤੇ ਜਲ ਸ਼ਕਤੀ ਅਭਿਆਨ ਨੂੰ ਮੁਕੰਮਲ ਰੂਪ ’ਚ ਲਾਗੂ ਕਰਨ ਦਾ ਭਰੋਸਾ ਦਿੱਤਾ।
ਇਸ ਮੀਟਿੰਗ ’ਚ ਏ ਡੀ ਸੀ ਅਨੁਪਮ ਕਲੇਰ ਤੋਂ ਇਲਾਵਾ ਮੰਡਲ ਵਣ ਅਫ਼ਸਰ ਸਤਿੰਦਰ ਸਿੰਘ, ਬਾਗਬਾਨੀ ਅਫ਼ਸਰ ਜਗਦੀਸ਼ ਸਿੰਘ ਕਾਹਮਾ, ਐਸ ਡੀ ਓ ਨਹਿਰੀ ਕਰਨਵੀਰ ਸਿੰਘ, ਬੀ ਡੀ ਪੀ ਓ ਔੜ ਰਾਜੇਸ਼ ਚੱਢਾ, ਐਸ ਡੀ ਓ ਜਲ ਸਪਲਾਈ ਏ ਸੈਨੀਟੇਸ਼ਨ ਗੌਰਵ ਸ਼ਰਮਾ, ਜੋਗਾ ਸਿੰਘ ਵਰਕਸ ਮੈਨੇਜਰ ਤੇ ਗੁਰਮੁਖ ਸਿੰਘ ਆਈ ਟੀ ਮੈਨੇਜ ਮਨਰੇਗਾ ਵੀ ਮੌਜੂਦ ਸਨ।