ਜ਼ਿਲ੍ਹੇ ਦੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਐੱਸ ਐੱਸਪੀ ਫਾਜ਼ਿਲਕਾ ਦੀਪਕ ਹਿਲੌਰੀ
ਜਗਦੀਸ਼ ਥਿੰਦ
ਫ਼ਾਜ਼ਿਲਕਾ, 26 ਜੂਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਅਹਿਦ ਦੀ ਪੂਰਤੀ ਲਈ ਵੱਡੀ ਕਾਰਵਾਈ ਕਰਦਿਆਂ ਫ਼ਾਜ਼ਿਲਕਾ ਪੁਲਿਸ ਨੇ 6 ਮਹੀਨੇ ਦੌਰਾਨ 237 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਹੈ। ਅੱਜ ''ਕੌਮਾਂਤਰੀ ਨਸ਼ਾ ਤੇ ਗ਼ੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ'' ਮੌਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫ਼ਾਜ਼ਿਲਕਾ ਸ਼੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਨਸ਼ਾ ਤਸਕਰੀ ਦੇ ਵੱਖ-ਵੱਖ 180 ਮਾਮਲੇ ਦਰਜ ਕੀਤੇ ਗਏ ਅਤੇ ਨਸ਼ਾ ਤਸਕਰਾਂ ਕੋਲੋਂ 5 ਕਿੱਲੋ 118 ਗ੍ਰਾਮ ਹੈਰੋਇਨ, 5 ਕਿੱਲੋ 450 ਗ੍ਰਾਮ ਅਫ਼ੀਮ, 561 ਕਿੱਲੋ 360 ਗ੍ਰਾਮ ਭੁੱਕੀ, 81 ਕਿੱਲੋ 200 ਗ੍ਰਾਮ ਭੁੱਕੀ ਦੇ ਹਰੇ ਪੌਦੇ, 40 ਗ੍ਰਾਮ ਸਮੈਕ, 1 ਗ੍ਰਾਮ ਨਾਰਕੋਟਿਕਸ ਪਾਊਡਰ ਅਤੇ 148858 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 12 ਤੋਂ 26 ਜੂਨ ਤੱਕ ਨਸ਼ਾ ਵਿਰੋਧੀ ਪੰਦਰਵਾੜਾ ਮੁਹਿੰਮ ਤਹਿਤ ਹੀ ਨਸ਼ਾ ਤਸਕਰੀ ਦੇ 28 ਮਾਮਲੇ ਦਰਜ ਕਰਕੇ 33 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ 1 ਕਿੱਲੋ 250 ਗ੍ਰਾਮ ਅਫ਼ੀਮ, 57 ਕਿੱਲੋ 500 ਗ੍ਰਾਮ ਭੁੱਕੀ, 93 ਮਿਲੀਗ੍ਰਾਮ ਹੈਰੋਇਨ ਅਤੇ 55229 ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਤਸਕਰੀ ਰੋਕਣ ਲਈ ਗੁਆਂਢੀ ਸੂਬਿਆਂ ਤੋਂ ਆਉਂਦੇ ਰਸਤਿਆਂ 'ਤੇ ਅਬੋਹਰ ਸਬ ਡਿਵੀਜ਼ਨ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾਂ ਸਣੇ ਬੱਸਾਂ, ਟਰੱਕਾਂ ਅਤੇ ਜੀਪਾਂ/ਕਾਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਰਾਜਸਥਾਨ ਅਤੇ ਹਰਿਆਣਾ ਤੋਂ ਆਉਂਦੀਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨਸ਼ੇ ਸਬੰਧੀ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਬੱਸਾਂ ਸਮੇਤ ਹਰ ਤਰ੍ਹਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਨਸ਼ਿਆਂ ਅਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਸਣੇ ਉਥੇ ਰਹਿੰਦੇ ਨਸ਼ਾ ਤਸਕਰਾਂ ਵਿਰੁੱਧ ਸਾਂਝੇ ਆਪ੍ਰੇਸ਼ਨ ਚਲਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਰਾਜਸਥਾਨ ਅਤੇ ਕੌਮਾਂਤਰੀ ਸਰਹੱਦ ਵੱਲੋਂ ਆਉਂਦੀਆਂ ਸੜਕਾਂ 'ਤੇ ਸੰਵੇਦਨਸ਼ੀਲ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ ਤਾਂ ਜੋ ਸ਼ੱਕੀ ਵਿਅਕਤੀਆਂ 'ਤੇ ਬਾਜ਼ ਅੱਖ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੀ ਗੰਗਾਨਗਰ ਸੜਕ 'ਤੇ ਅੰਤਰਰਾਜੀ ਸਰਹੱਦ ਗੁੰਮਜਾਲ (ਅਬੋਹਰ) ਵਿਖੇ, ਢਾਣੀ ਬਲਦੇਵ, ਵਰਿਆਮ ਖੇੜਾ, ਹਨੂੰਮਾਨਗੜ੍ਹ ਸੜਕ 'ਤੇ ਬਕੈਣਵਾਲਾ ਵਿਖੇ, ਅੰਤਰਰਾਜੀ ਸਰਹੱਦੀ ਨਾਕਾ ਰਾਜਪੁਰਾ ਵਿਖੇ ਅਤੇ ਆਸਫ਼ਵਾਲਾ ਸੜਕ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ 'ਚ ਪਿਛਲੇ 8-9 ਵਰ੍ਹਿਆਂ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ 1315 ਨਸ਼ਾ ਤਸਕਰਾਂ ਦਾ ਵਰਗੀਕਰਨ ਕਰਨ ਉਪਰੰਤ ਇਨ੍ਹਾਂ ਦੀ ਮੁੜ ਵੈਰੀਫ਼ਿਕੇਸ਼ਨ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਏ ਕੈਟਾਗਿਰੀ ਦੇ 28, ਬੀ ਕੈਟਾਗਿਰੀ ਦੇ 34 ਅਤੇ ਸੀ ਕੈਟਾਗਿਰੀ ਦੇ 1253 ਤਸਕਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਤਸਕਰਾਂ ਨੂੰ ਥਾਣੇ ਬੁਲਾ ਕੇ ਇਨ੍ਹਾਂ ਦੀ ਵੈਰੀਫ਼ਿਕੇਸ਼ਨ ਕੀਤੀ ਜਾ ਰਹੀ ਹੈ। ਜਨਵਰੀ 2019 ਤੋਂ ਅਰੰਭੀ ਵੈਰੀਫ਼ਿਕੇਸ਼ਨ ਪ੍ਰਕਿਰਿਆ ਤਹਿਤ ਹੁਣ ਤੱਕ ਏ ਅਤੇ ਬੀ ਕੈਟਾਗਿਰੀ ਦੇ ਸਾਰੇ ਨਸ਼ਾ ਤਸਕਰਾਂ ਦੀ ਵੈਰੀਫ਼ਿਕੇਸ਼ਨ ਕੀਤੀ ਜਾ ਚੁੱਕੀ ਹੈ ਜਦਕਿ ਸੀ ਕੈਟਾਗਿਰੀ ਦੇ 750 ਤਸਕਰਾਂ ਦੀ ਵੈਰੀਫ਼ਿਕੇਸ਼ਨ ਹੋ ਚੁੱਕੀ ਹੈ ਅਤੇ ਬਾਕੀ ਤਸਕਰਾਂ ਦੀ ਵੈਰੀਫ਼ਿਕੇਸ਼ਨ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰ ਲਈ ਜਾਵੇਗੀ ਅਤੇ ਇਸ ਉਪਰੰਤ ਸਰਗਰਮ ਤਸਕਰਾਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਆਮ ਲੋਕਾਂ ਵੱਲੋਂ ਦਿੱਤੀ ਜਾਂਦੀ ਜਾਣਕਾਰੀ 'ਤੇ ਪੂਰੀ ਤਰ੍ਹਾਂ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਵੇਂ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰ 181 'ਤੇ ਨਸ਼ੇ ਵਿਰੁੱਧ ਹੁਣ ਤੱਕ ਆਈਆਂ 50 ਜਾਣਕਾਰੀਆਂ ਵਿੱਚੋਂ 10 ਮਾਮਲਿਆਂ ਵਿੱਚ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਰੋਕਣ ਲਈ ਬਾਕੀਆਂ ਵਿਰੁੱਧ ਵੀ ਨਿਰੰਤਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਸਰਗਰਮ ਨਸ਼ਾ ਤਸਕਰਾਂ 'ਤੇ ਜ਼ਿਲ੍ਹਾ ਪੱਧਰੀ ਛਾਪੇਮਾਰੀਆਂ ਕੀਤੀਆਂ ਗਈਆਂ। ਉਨ੍ਹਾਂ ਖ਼ਾਸ ਤੌਰ 'ਤੇ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਅਰੰਭੀ ਗਈ ਹੈ। ਵਿਭਾਗ ਵੱਲੋਂ ਸਰਕਾਰ ਨੂੰ ਦੋਸ਼ੀ ਪਾਏ ਗਏ 15 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਲਿਖਿਆ ਗਿਆ ਹੈ। ਸੀ.ਆਰ.ਪੀ.ਸੀ. ਐਕਟ ਦੀ ਧਾਰਾ 110 (ਐਫ਼) ਤਹਿਤ ਸੁਰੱਖਿਆ ਵਜੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਹੁਣ ਤੱਕ ਅਜਿਹੇ ਤਸਕਰਾਂ ਵਿਰੁੱਧ 86 ਕਲੰਦਰੇ ਪੇਸ਼ ਕੀਤੇ ਗਏ ਹਨ ਅਤੇ ਜ਼ਿਆਦਾਤਰ ਨੂੰ ਜੇਲ ਭੇਜ ਦਿੱਤਾ ਗਿਆ ਹੈ। ਸਰਗਰਮ ਨਸ਼ਾ ਤਸਕਰਾਂ 'ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਭਗੌੜੇ ਤਸਕਰਾਂ ਦੀ ਭਾਲ ਲਈ ਵੀ ਤੀਬਰ ਕਾਰਵਾਈ ਜਾਰੀ ਹੈ। ਇਸ ਤੋਂ ਇਲਾਵਾ ਅਦਾਲਤਾਂ ਵਿੱਚੋਂ ਬਰੀ ਹੋਏ ਅਤੇ ਜ਼ਮਾਨਤ 'ਤੇ ਆਏ ਨਸ਼ਾ ਤਸਕਰਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਜਿਹੇ ਬਦਨਾਮ ਤਸਕਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਨਸ਼ੇ ਦੀ ਸਪਲਾਈ ਲਾਈਨ ਟੁੱਟ ਜਾਵੇਗੀ। ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਸਪਲਾਈ ਰੋਕਣ ਬਾਰੇ ਐਸ.ਐਸ.ਪੀ. ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਦੀ ਸਪਲਾਈ ਰੋਕਣ ਲਈ ਬੀ.ਐਸ.ਐਫ. ਅਧਿਕਾਰੀਆਂ ਨਾਲ ਡੂੰਘਾ ਤਾਲਮੇਲ ਸਥਾਪਤ ਕਰਕੇ ਸਾਂਝੇ ਤੌਰ 'ਤੇ ਕਾਰਵਾਈਆਂ ਅਰੰਭੀਆਂ ਜਾਂਦੀਆਂ ਹਨ। ਨਸ਼ਾ ਤਸਕਰੀ 'ਚ ਗਲਤਾਨ 56 ਪਿੰਡਾਂ/ਮੁਹੱਲਿਆਂ ਦੀ ਸ਼ਨਾਖ਼ਤ ਸ਼੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ 56 ਅਜਿਹੇ ਪਿੰਡਾਂ ਤੇ ਮੁਹੱਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜੋ ਨਸ਼ਾ ਤਸਕਰੀ ਲਈ ਬਦਨਾਮ ਹਨ। ਉਨ੍ਹਾਂ ਦੱਸਿਆ ਕਿ ਐਸ.ਪੀ. (ਪੀ.ਬੀ.ਆਈ. ਨਾਰਕੋਟਿਕਸ) ਅਤੇ ਐਸ.ਪੀ. (ਪੜਤਾਲ) ਦੀ ਅਗਵਾਈ ਹੇਠ ਜਿਥੇ ਇਨ੍ਹਾਂ ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਭਾਸ਼ਣ, ਦਸਤਾਵੇਜ਼ੀ ਫ਼ਿਲਮਾਂ ਅਤੇ ਨਸ਼ੇ ਵਿਰੋਧੀ ਸਾਹਿਤ, ਪੈਂਫ਼ਲੈਟ ਤੇ ਬੈਨਰਾਂ ਰਾਹੀਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਖੁੱਲ੍ਹ ਕੇ ਬੋਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਨਸ਼ਾ ਤਸਕਰਾਂ ਨੂੰ ਇਹ ਮਾਰੂ ਰਾਹ ਛੱਡਣ ਅਤੇ ਨਸ਼ਾ ਪੀੜਤਾਂ ਨੂੰ ਮੈਡੀਕਲ ਪ੍ਰਣਾਲੀ ਰਾਹੀਂ ਆਪਣਾ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਦੇ ਸੂਚਨਾ ਤੰਤਰ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਤੇ ਯੂਥ ਕਲੱਬਾਂ ਦੇ ਨੁਮਾਇੰਦਿਆਂ, ਔਰਤਾਂ ਅਤੇ ਸੇਵਾ ਮੁਕਤ ਅਧਿਆਪਕਾਂ ਤੇ ਫ਼ੌਜੀ ਜਵਾਨਾਂ 'ਤੇ ਆਧਾਰਤ ਪਿੰਡ/ਮੁਹੱਲਾ ਪੱਧਰੀ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸਬ-ਡਿਵੀਜ਼ਨ ਪੱਧਰ 'ਤੇ ਸਕੂਲਾਂ, ਕਾਲਜਾਂ, ਜਨਤਕ ਸਥਾਨਾਂ, ਪਿੰਡਾਂ ਅਤੇ ਮੁਹੱਲਿਆਂ ਵਿੱਚ ਵੱਖ-ਵੱਖ ਸਮਾਗਮਾਂ ਰਾਹੀਂ ਆਮ ਲੋਕਾਂ ਅਤੇ ਨਸ਼ਾ ਰੋਕਥਾਮ ਅਫ਼ਸਰਾਂ ਨੂੰ ਸਿਖਲਾਈ ਦੇ ਕੇ ਨਸ਼ੇ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸੰਵੇਦਨਸ਼ੀਲ ਵਿਅਕਤੀਆਂ ਨੂੰ ਨਸ਼ੇ ਦੀਆਂ ਦਲਦਲ 'ਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਹੁਣ ਤੱਕ 184 ਸੈਮੀਨਾਰ ਅਤੇ ਮੀਟਿੰਗਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 8,616 ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਨਸ਼ੇ ਬਾਰੇ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 18001802181 ਸਥਾਪਤ ਸ਼੍ਰੀ ਹਿਲੋਰੀ ਮੁਤਾਬਕ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 18001802181 ਸਥਾਪਤ ਕੀਤਾ ਗਿਆ ਹੈ ਤਾਂ ਜੋ ਲੋਕ ਇੱਥੇ ਆਸਾਨੀ ਨਾਲ ਨਸ਼ੇ ਬਾਰੇ ਕਿਸੇ ਵੀ ਤਰ੍ਹਾਂ ਜਾਣਕਾਰੀ ਸਾਂਝੀ ਕਰ ਸਕਣ। ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਸਬੰਧਤ ਮਸਲਿਆਂ ਨੂੰ ਨਜਿੱਠਣ ਲਈ ਐਸ.ਪੀ. ਪੱਧਰ ਦਾ ਅਧਿਕਾਰੀ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹੇ 'ਚ ਤੈਨਾਤ ਹਨ 33,070 ਡੈਪੋਜ਼ ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਵਿਚ ਜਿਥੇ ਜ਼ਿਲ੍ਹੇ ਵਿੱਚ ਰਜਿਸਟਰਡ 33,070 ਨਸ਼ਾ ਰੋਕਥਾਮ ਅਫ਼ਸਰ (ਡੈਪੋਜ਼) ਅਹਿਮ ਭੂਮਿਕਾ ਨਿਭਾਅ ਰਹੇ ਹਨ, ਉਥੇ ਆਮ ਲੋਕ ਵੀ ਨਸ਼ੇ ਦੇ ਖ਼ਾਤਮੇ ਲਈ ਜਾਗਰੂਕਤਾ ਪੈਦਾ ਕਰਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਡੈਪੋਜ਼ ਨੂੰ ਸਰਗਰਮ ਰੱਖਣ ਲਈ ਹੁਣ ਤੱਕ ਜ਼ਿਲ੍ਹੇ 'ਚ 849 ਸੈਮੀਨਾਰ ਤੇ ਮੀਟਿੰਗਾਂ ਕਰਵਾਈਆਂ ਗਈਆਂ ਹਨ।