ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 26 ਜੂਨ 2019 - ਸੋਸ਼ਲ ਮੀਡੀਆ ਤੇ ਇੱਕ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਪੀੜਤ ਇੱਕ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਹ ਬਲਾਤਕਾਰ ਪੀੜਤ ਹੈ । ਇੱਕ ਸਾਲ ਤੋਂ ਉਹ ਧੱਕੇ ਖਾ ਰਹੀ ਹੈ । ਪਰਚਾ ਦਰਜ ਹੋਣ ਦੇ ਬਾਵਜੂਦ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ । ਪਰਚਾ ਦਰਜ ਹੋਣ ਬਾਅਦ ਦੋਸ਼ੀਆਂ ਨੇ ਉਸ ਉੱਪਰ ਕਿਰਚ ਲੈ ਕੇ ਜਾਨਲੇਵਾ ਹਮਲਾ ਕੀਤਾ । ਪੁਲਸ ਨੂੰ ਫੋਨ ਕਰਨ ਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਫੜ੍ਹਨ ਤੋਂ ਬਾਅਦ ਫਿਰ ਛੱਡ ਦਿੱਤਾ ।
ਹੁਣ ਡੀ ਜੀ ਪੀ ਪੰਜਾਬ ਨੂੰ ਇਸ ਵੀਡੀਓ ਰਾਹੀਂ ਅਪੀਲ ਕਰਦਿਆਂ ਪੀੜਤ ਲੜਕੀ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਨਹਿਰ ਵਿਚ ਡਿੱਗ ਕੇ ਆਪਣੀ ਜਾਨ ਦੇ ਦੇਵੇਗੀ ।
ਲੜਕੀ ਕਹਿ ਰਹੀ ਹੈ ਕਿ ਬਲਾਤਕਾਰ ਦੇ ਕਥਿਤ ਦੋਸ਼ੀ ਉਸ ਨੂੰ ਕਹਿੰਦੇ ਹਨ ਕਿ ਪੈਸੇ ਲੈ ਕੇ ਕੇਸ ਵਾਪਸ ਲੈ ਲੈ ਪਰ ਮੈਂ ਮਰ ਜਾਵਾਂਗੀ ਪਰ ਇਨ੍ਹਾਂ ਕੋਲੋਂ ਪੈਸੇ ਨਹੀਂ ਲਵਾਂਗੀ ।
ਹਾਲਾਂਕਿ ਬਲਾਤਕਾਰ ਪੀੜਤਾ ਦਾ ਨਾਮ ਗੁਪਤ ਰੱਖਿਆ ਗਿਆ ਹੈ ਪਰ ਇਹ ਲੜਕੀ ਵੀਡੀਓ ਵਿੱਚ ਜਿਸ ਨੇ ਆਪਣਾ ਮੂੰਹ ਢਕਿਆ ਹੈ ਆਪਣੇ ਪਿੰਡ , ਥਾਣਾ ਅਤੇ ਜ਼ਿਲ੍ਹੇ ਦਾ ਨਾਮ ਵੀ ਦੱਸ ਰਹੀ ਹੈ ।
ਪੀੜਤ ਲੜਕੀ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੀ ਮੌਤ ਲਈ ਪੁਲਸ ਅਧਿਕਾਰੀ ਜ਼ਿੰਮੇਵਾਰ ਹੋਣਗੇ । ਇਸ ਸਬੰਧੀ ਡੀ.ਐੱਸ.ਪੀ ਜ਼ੀਰਾ ਨਰਿੰਦਰ ਸਿੰਘ ਨਾਲ ਫੋਨ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਇਸਦਾ ਘਰਵਾਲਾ ਸੀ , ਜਿਸ ਵਿਅਕਤੀ ਨਾਲ ਇਹ ਪਤਨੀ ਵਾਂਗ ਰਹਿੰਦੀ ਰਹੀ ਹੈ । ਇਸ ਦਾ ਵਿਆਹ ਹੋਇਆ ਸੀ ਜਾਂ ਨਹੀਂ ਪਰ ਉਸ ਵਿੱਚੋਂ ਇਹਨਾਂ ਕੋਲ ਦੋ ਬੱਚੇ ਹਨ। ਇਕ ਲੜਕਾ ਅਤੇ ਲੜਕੀ । 7 ਸਾਲ ਦੀ ਲੜਕੀ ਅਤੇ 6 ਸਾਲ ਦਾ ਲੜਕਾ ਹੈ । ਇਸ ਵੱਲੋਂ ਸ਼ਿਕਾਇਤ ਕਰਨ ਤੇ ਉਸ ਖਿਲਾਫ ਪੁਲਸ ਖਿਲਾਫ਼ 376 ਡੀ ਦਾ ਮੁਕੱਦਮਾ ਦਰਜ ਕਰਕੇ ਅੰਦਰ ਦੇ ਦਿੱਤਾ । ਇਸ ਜੁਰਮ ਵਿੱਚ 20 ਸਾਲ ਕੈਦ ਹੋ ਸਕਦੀ ਹੈ । %ਇਸ ਦਾ ਨਾਨੇ ਨਾਲ ਰੌਲਾ ਸੀ , ਨਾਨੇ ਨੂੰ ਵੀ ਜੇਲ੍ਹ ਭੇਜ ਦਿੱਤਾ । ਇਹਨੇ 10 ਬੰਦਿਆਂ ਖਿਲਾਫ ਪਰਚਾ ਦਰਜ ਕਰਵਾਇਆ ਸੀ ।
ਉਨ੍ਹਾਂ ਦੱਸਿਆ ਕਿ, ''ਇਸ ਨੇ ਨਾਲ ਚੱਲਣ ਵਾਲਿਆਂ ਖਿਲਾਫ਼ ਵੀ ਸ਼ਿਕਾਇਤ ਕਰ ਦਿੱਤੀ । ਹਮੇਸ਼ਾਂ ਤੋਂ ਪੰਚਾਇਤੀ ਵਿਅਕਤੀ ਨਾਲ ਚਲਦੇ ਆਏ ਹਨ । ਆਖਰਕਰ ਅਸੀਂ ਵੀ ਰੱਬ ਨੂੰ ਜਾਨ ਦੇਣੀ ਹੈ । ਦਬਾਅ ਹੇਠ ਆ ਕੇ ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਡੱਕਣਾ ਚਾਹੁੰਦੇ। ਇਹ ਕਹਿ ਰਹੀ ਹੈ ਕਿ ਸਾਰਿਆਂ ਨੂੰ ਅੰਦਰ ਦੇ ਦਿਓ । ਇਸ ਨੂੰ ਕੋਈ ਗਾਇਡ ਕਰ ਰਿਹਾ ਹੈ ।'' ਉਨ੍ਹਾਂ ਕਿਹਾ ਕਿ ਚੱਲ ਰਹੀ ਜਾਂਚ ਵਿੱਚ ਫਿਰ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਅਮਲ ਵਿੱਚ ਆਵੇਗੀ ।