ਪਿੰਡ ਮਨੈਲਾ ਵਿਖੇ ਬੂਟੇ ਲਾਏ ਜਾਣ ਦਾ ਦ੍ਰਿਸ਼
ਫ਼ਤਹਿਗੜ੍ਹ ਸਾਹਿਬ/ ਖਮਾਣੋਂ, 24 ਜੂਨ:(ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹਰੇਕ ਪਿੰਡ ਵਿੱਚ ਬੂਟੇ ਲਗਾਉਣ ਦੀ ਵਿੱਢੀ ਮੁਹਿੰਮ ਤਹਿਤ ਖਮਾਣੋਂ ਰੇਂਜ 'ਚ ਪੈਂਦੇ ਸਾਰੇ ਪਿੰਡਾਂ ਵਿੱਚ 550-550 ਬੂਟੇ ਲਗਾਏ ਜਾਣਗੇ ਤਾਂ ਜੋ ਪਿੰਡਾਂ ਦਾ ਵਾਤਾਵਰਣ ਪ੍ਰਦੂਸ਼ਣ ਮੁਕਤ ਅਤੇ ਸਵੱਛ ਬਣਿਆਂ ਰਹੇ। ਇਹ ਜਾਣਕਾਰੀ ਜ਼ਿਲ੍ਹਾ ਜੰਗਲਾਤ ਅਫ਼ਸਰ ਸ. ਗੁਰਅਮਨਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਪਿੰਡ ਮਨੈਲਾ ਵਿਖੇ 550 ਬੂਟੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕੁਦਰਤ ਅਤੇ ਮਨੁੱਖੀ ਜੀਵਨ ਦੀ ਮਹੱਤਤਾ ਬਾਰੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਇਹ ਮੁਹਿੰਮ ਵਿੱਢੀ ਹੈ ਜੋ ਕਿ 30 ਸਤੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੂਟੇ ਲਗਾਉਣ ਨਾਲ ਜਿੱਥੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ, ਉੱਥੇ ਹੀ ਪਿੰਡਾਂ ਦਾ ਵਾਤਾਵਰਨ ਵੀ ਹਰਿਆ ਭਰਿਆ ਬਣਿਆਂ ਰਹੇਗਾ।
ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਕਿਹਾ ਕਿ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਇਸ ਮੁਹਿੰਮ ਵਿੱਚ ਬੂਟਿਆਂ ਦੀ ਸਾਂਭ ਸੰਭਾਲ ਜੰਗਲਾਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਜਾਵੇਗੀ ਪਰ ਮੁੱਖ ਭੂਮਿਕਾ ਪਿੰਡਾਂ ਦੀਆਂ ਪੰਚਾਇਤਾਂ ਦੀ ਹੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਹੀ ਸਾਡਾ ਵਾਤਾਵਰਣ ਪ੍ਰਦੂਸ਼ਣ ਮੁਕਤ ਰਹਿ ਸਕਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ. ਕੁਲਦੀਪ ਸਿੰਘ, ਬਲਾਕ ਅਫ਼ਸਰ ਸਾਹਿਬ ਸਿੰਘ, ਜੰਗਲਾਤ ਗਾਰਡ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।