ਬੱਸੀ ਪਠਾਣਾਂ ਦੇ ਓਟ ਕਲੀਨਿਕ ਵਿਖੇ ਨਸ਼ਾ ਪੀੜਤ ਮਰੀਜ਼ ਨੂੰ ਦਵਾਈ ਦਿੰਦਾ ਹੋਇਆ ਸਟਾਫ਼।
ਫ਼ਤਹਿਗੜ੍ਹ ਸਾਹਿਬ, 24 ਜੂਨ (ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਲਈ ਆਊਟ ਪੇਸ਼ੈਂਟ ਓਪਾਈਡ ਅਸਿਸਟਿਡ ਟਰੀਟਮੈਂਟ (ਓ.ਓ.ਏ.ਟੀ) ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਨਸ਼ਾ ਪੀੜਤਾਂ ਨੂੰ ਬਾਹਰੀ ਇਲਾਜ ਰਾਹੀਂ ਭਾਵ ਬਿਨਾਂ ਦਾਖ਼ਲ ਕੀਤਿਆਂ ਇਲਾਜ ਕਰ ਕੇ ਆਮ ਜੀਵਨ ਜਿਊਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਨਸ਼ਿਆਂ ਦੇ ਖਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 7 ਓਟ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਹੁਣ ਤੱਕ 1296 ਨਸ਼ਾ ਪੀੜਤ ਮਰੀਜ਼ ਰਜਿਸਟਰ ਹੋਏ ਹਨ।
ਡਾ. ਗੋਇਲ ਨੇ ਰਜਿਸਟਰ ਹੋਏ ਨਸ਼ਾਂ ਪੀੜਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਮੁੜ ਵਸੇਬਾ ਤੇ ਓਟ ਕਲੀਨਿਕ, ਫ਼ਤਹਿਗੜ੍ਹ ਸਾਹਿਬ ਵਿਖੇ 276 ਨਸ਼ਾ ਪੀੜਤਾਂ ਨੂੰ ਰਜਿਸਟਰ ਕੀਤਾ ਗਿਆ ਜਦਕਿ ਐਸ. ਡੀ. ਐੱਚ. (ਸਬ ਡਵੀਜ਼ਨਲ ਹਸਪਤਾਲ) ਮੰਡੀ ਗੋਬਿੰਦਗੜ੍ਹ ਦੇ ਓਟ ਕਲੀਨਿਕ ਵਿਖੇ 323, ਸੀ.ਐੱਚ.ਸੀ. (ਕਮਿਊਨਿਟੀ ਹੈਲਥ ਸੈਂਟਰ) ਖੇੜਾ ਵਿਖੇ 72, ਸੀ. ਐੱਚ. ਸੀ. ਖਮਾਣੋਂ ਵਿਖੇ 113, ਸੀ. ਐੱਚ. ਸੀ. ਅਮਲੋਹ ਵਿਖੇ 300, ਸੀ. ਐੱਚ. ਸੀ. ਬੱਸੀ ਪਠਾਣਾਂ ਵਿਖੇ 74, ਸੀ. ਐਚ. ਸੀ. ਚਨਾਰਥਲ ਕਲਾਂ ਵਿਖੇ 138 ਨਸ਼ਾ ਪੀੜਤ ਮਰੀਜ਼ ਰਜਿਸਟਰਡ ਕੀਤੇ ਗਏ ਹਨ। ਇਨ੍ਹਾਂ ਮਰੀਜ਼ਾਂ ਦਾ ਸਬੰਧਿਤ ਓਟ ਕਲੀਨਿਕਾਂ ਵਿੱਚ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਓਟ ਕਲੀਨਿਕਾਂ ਦੀ ਖ਼ਾਸੀਅਤ ਇਹ ਹੈ ਕਿ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਲਈ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਇਨ੍ਹਾਂ ਕਲੀਨਿਕਾਂ ਵਿਚ ਰੋਜ਼ਾਨਾ ਆ ਕੇ ਇਲਾਜ ਕਰਵਾ ਸਕਦੇ ਹਨ ਅਤੇ ਘਰ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਚਲਾਉਣ ਦਾ ਮਕਸਦ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਸੌਖਾ ਅਤੇ ਮੁਫ਼ਤ ਇਲਾਜ ਉਪਲਬਧ ਕਰਵਾਉਣਾ ਹੈ, ਜਿਸ ਦੇ ਲਈ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਨੂੰ ਬਾਕਾਇਦਾ ਸਿਖਲਾਈ ਦਿੱਤੀ ਗਈ ਹੈ। ਮਰੀਜ਼ ਦਾ ਬਾਕਾਇਦਾ ਮੁਆਇਨਾ ਕਰਨ ਮਗਰੋਂ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਅਤੇ ਮੌਕੇ 'ਤੇ ਹੀ ਉਸ ਨੂੰ ਦਵਾਈ ਖਵਾਈ ਜਾਂਦੀ ਹੈ।
ਡਾ. ਗੋਇਲ ਨੇ ਦੱਸਿਆ ਕਿ ਓਟ ਕਲੀਨਿਕਾਂ ਵਿੱਚ ਨਸ਼ਾ ਪੀੜਤਾਂ ਨੂੰ ਮਾਹਿਰ ਡਾਕਟਰਾਂ ਅਤੇ ਟਰੇਂਡ ਕਾਊਂਸਲਰਾਂ ਵੱਲੋਂ ਕਾਊਂਸਲਿੰਗ ਅਤੇ ਇਲਾਜ ਰਾਹੀਂ ਸਮਾਜ ਦਾ ਚੰਗਾ ਮੈਂਬਰ ਬਣਨ ਦੇ ਯੋਗ ਬਣਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਲੋਕਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਪੀੜਤ ਵਿਅਕਤੀਆਂ ਨੂੰ ਪ੍ਰੇਰਿਤ ਕਰ ਕੇ ਓਟ ਕਲੀਨਿਕਾਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦਾ ਇਲਾਜ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਸੰਵਾਰੀ ਜਾ ਸਕੇ ਕਿਉਂਕਿ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਵਿਅਕਤੀ ਨਾ ਸਿਰਫ਼ ਆਪਣਾ ਨੁਕਸਾਨ ਕਰਦਾ ਹੈ ਬਲਕਿ ਇਸ ਨਾਲ ਘਰਾਂ ਦੇ ਘਰ ਉੱਜੜ ਜਾਂਦੇ ਹਨ।
ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਗਤੀਵਿਧੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨਾਲ ਦੋਸਤਾਂ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਉਨ੍ਹਾਂ ਤੋਂ ਕੁਝ ਨਾ ਲੁਕਾਉਣ ਅਤੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰ ਸਕਣ, ਜਿਨ੍ਹਾਂ ਕਾਰਨ ਉਹ ਕਈ ਵਾਰ ਨਸ਼ਿਆਂ ਦੀ ਲੱਤ ਦੇ ਆਦੀ ਵੀ ਹੋ ਸਕਦੇ ਹਨ।