ਮਿੱਤਰ ਸੈਨ ਸ਼ਰਮਾ
ਮਾਨਸਾ 24 ਜੂਨ 2019 : ਮਾਨਸਾ ਪੁਲਿਸ ਵੱਲੋਂ ਮਾਮਲਿਆਂ 'ਚ ਨਾਮਜ਼ਦ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਅਦਾਲਤੀ ਸੁਣਵਾਈ ਦੌਰਾਨ ਭਗੌੜਾ ਹੋਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਇੱਕ ਵੱਖਰਾ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਅਦਾਲਤੀ ਆਦੇਸ਼ਾਂ 'ਤੇ ਜ਼ਿਲ੍ਹਾ ਜ਼ੇਲ੍ਹ ਮਾਨਸਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਬੰਤ ਸਿੰਘ ਵਾਸੀ ਮਾਨਸਾ ਦੇ ਵਿਰੁੱਧ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ 2 ਫਰਵਰੀ 2014 ਨੂੰ ਆਬਕਾਰੀ ਐਕਟ ਤਹਿਤ ਮਾਮਲਾ ਨੰ: 12 ਦਰਜ ਕੀਤਾ ਸੀ, ਇਸ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਉਕਤ ਵਿਅਕਤੀ ਵੱਲੋਂ ਪੇਸ਼ ਨਾ ਹੋਣ 'ਤੇ ਏ.ਸੀ.ਜੇ.ਐੱਮ. ਮਾਨਸਾ ਮਨੀਲਾ ਚੁਘ ਦੀ ਅਦਾਲਤ ਵੱਲੋਂ 26 ਜੁਲਾਈ 2017 ਨੂੰ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਥਾਣਾ ਸਦਰ ਮਾਨਸਾ ਏ.ਐੱਸ.ਆਈ. ਦਰਸ਼ਨ ਸਿੰਘ ਨੇ ਆਪਣੀ ਪੁਲਿਸ ਟੀਮ ਸਮੇਤ ਭਗੌੜਾ ਹੋਏ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖਿਲਾਫ਼ ਇੱਕ ਵੱਖਰਾ ਮਾਮਲਾ ਧਾਰਾ 174 ਏ ਦੇ ਤਹਿਤ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਅਦਾਲਤੀ ਆਦੇਸ਼ਾਂ 'ਤੇ ਮੁੜ ਜ਼ਿਲ੍ਹਾ ਜ਼ੇਲ੍ਹ ਮਾਨਸਾ ਭੇਜ ਦਿੱਤਾ ਗਿਆ ਹੈ।