ਬੰਗਾ, 24 ਜੂਨ,2019: ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਆਖਿਆ ਕਿ ਕਿਸਾਨ ਆਪਣੀ ਖੇਤੀ ਲਾਗਤ ਘੱਟ ਕਰਨ ਲਈ ਸਹਿਕਾਰੀ ਸਭਾਵਾਂ ਕੋਲ ਮੌਜੂਦ ਖੇਤੀ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਕੋਲ ਆਧੁਨਿਕ ਖੇਤੀ ਸੰਦ ਮੌਜੂਦ ਹਨ ਅਤੇ ਔਸਤਨ ਇਨ੍ਹਾਂ ਖੇਤੀ ਸੰਦਾਂ ਦੀ ਵਰਤੋਂ ਨਾਲ 3000 ਰੁਪਏ ਪ੍ਰਤੀ ਏਕੜ ਤੱਕ ਦੀ ਖੇਤੀ ਲਾਗਤ ਘਟਾਈ ਜਾ ਸਕਦੀ ਹੈ।
ਸ੍ਰੀ ਰੰਧਾਵਾ ਜੋ ਕਿ ਪੰਜਾਬ ਦੇ ਸਹਿਕਾਰਤਾ ਖੇਤਰ `ਚ ਸਫ਼ਲ ਮਾਡਲ ਵਜੋਂ ਨਾਮ ਬਣਾ ਚੁੱਕੀ ਸਹਿਕਾਰੀ ਮੰਡੀਕਰਨ ਸਭਾ ਬੰਗਾ ਦੇ ਵਿਸ਼ੇਸ਼ ਦੌਰੇ `ਤੇ ਆਏ ਸਨ, ਨੇ ਸਭਾ ਦੀ ਕਾਰਗੁਜ਼ਾਰੀ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਸਾਲ 2006-07 ਦੇ 6 ਹਜ਼ਾਰ ਸਲਾਨਾ ਮੁਨਾਫ਼ੇ ਤੋਂ ਸਾਲ 2018-19 ਤੱਕ 55 ਲੱਖ ਸਲਾਨਾ ਮੁਨਾਫ਼ੇ `ਤੇ ਪੁੱਜੀ ਇਹ ਸਹਿਕਾਰੀ ਸਭਾ ਰਾਜ ਦੀ ਉਨ੍ਹਾਂ ਸਭਾਵਾਂ ਲਈ ਮਿਸਾਲ ਬਣ ਕੇ ਉਭਰੀ ਹੈ, ਜੋ ਕਿ ਕਿਸੇ ਨਾ ਕਿਸੇ ਕਾਰਨ ਘਾਟੇ `ਚ ਹਨ। ਉਨ੍ਹਾਂ ਨੇ ਸਭਾ ਵਲੋਂ ਇਲਾਕੇ ਦੀਆਂ 60 ਸਹਿਕਾਰੀ ਸਭਾਵਾਂ ਨੂੰ ਐਗਰੋ ਕੈਮੀਕਲ ਅਤੇ ਸੋਹਣਾ ਘਿਓ ਸਪਲਾਈ ਕਰਨ `ਚ ਅਤੇ 144 ਸਭਾਵਾਂ ਨੂੰ ਮਾਰਕਫੈੱਡ ਦੀ ਪਸ਼ੂ ਖੁਰਾਕ ਵਿਤਰਣ ਕਰਨ `ਚ ਨੋਡਲ ਸਭਾ ਵਜੋਂ ਉਭਰਨ `ਤੇ ਵੀ ਵਧਾਈ ਦਿੱਤੀ। ਸਭਾ ਦੇ ਮੈਨੇਜਰ ਇਕਬਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਸਭਾ ਦਾ ਸਲਾਨਾ 17 ਕਰੋੜ ਦਾ ਕਾਰੋਬਾਰ ਹੈ ਅਤੇ ਸਭਾ ਵਲੋਂ ਆਪਣੇ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਹਰੇਕ ਵਸਤ ਡਿਸਕਾਊਂਟ `ਤੇ ਦਿੱਤੀ ਜਾਂਦੀ ਹੈ।
ਸਹਿਕਾਰਤਾ ਮੰੰਤਰੀ ਨੇ ਕਿਹਾ ਕਿ ਰਾਜ ਦੀਆਂ ਘਾਟੇ `ਚ ਜਾ ਰਹੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਮਾਲੀ ਤੌਰ `ਤੇ ਮਜ਼ਬੂਤ ਕਰਨ ਲਈ ਮਹਿੰਗੇ ਖੇਤੀ ਸੰਦ ਦੇਣ ਤੋਂ ਬਾਅਦ, ਪੈਟਰੋਲ ਪੰਪ ਅਲਾਟ ਕਰਵਾਉਣਾ ਵਿਚਾਰ ਅਧੀਨ ਹੈ, ਕਿਉਂ ਜੋ ਸਹਿਕਾਰਤਾ ਲਹਿਰ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੋਣ ਕਾਰਨ ਜਿੰਨੀ ਮਜ਼ਬੂਤ ਹੋਵੇਗੀ, ਉਨ੍ਹਾਂ ਹੀ ਕਿਸਾਨੀ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ੂਗਰਫੈੱਡ ਵਲੋਂ ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਵਲੋਂ ਬਣਾਈ ਜਾਂਦੀ ਖੰਡ ਦੇ ਸੁਚੱਜੇ ਮੰਡੀਕਰਨ ਲਈ ਜਿੱਥੇ ਇਨ੍ਹਾਂ ਸਭਾਵਾਂ ਨੂੰ ਸਪਲਾਈ ਕੀਤੀ ਜਾਵੇਗੀ, ਉਥੇ ਇੱਕ ਕਿਲੋ ਅਤੇ ਪੰਜ ਕਿਲੋ ਦੀਆਂ ਪੈਕਿੰਗਾਂ `ਚ ਬਜ਼ਾਰ `ਚ ਵੀ ਉਤਾਰਿਆ ਜਾਵੇਗਾ। ਸਹਿਕਾਰਤਾ ਮੰਤਰੀ ਅਨੁਸਾਰ ਇਸ ਵਾਰ ਮਾਰਕਫੈੱਡ ਰਾਹੀਂ ਗੁੜ ਦੀ ਵਿਕਰੀ ਦਾ ਤਜਰਬਾ ਵੀ ਸਫ਼ਲ ਰਿਹਾ ਹੈ ਅਤੇ ਅਗਲੀ ਵਾਰ ਖੰਡ ਮਿੱਲ ਭੋਗਪੁਰ (ਜਲੰਧਰ) ਵਿਖੇ ਬਕਾਇਦਾ ਵਪਾਰਕ ਪੱਧਰ `ਤੇ ਉਸਦਾ ਉਤਪਾਦਨ ਸ਼ੂਰੂ ਕੀਤਾ ਜਾਵੇਗਾ। ਉਨਾਂ੍ਹ ਨੇ ਆਪਣੇ ਅੱਜ ਦੇ ਲੁਧਿਆਣਾ ਜ਼ਿਲ੍ਹੇ ਦੀ ਨੂਰਪੁਰ ਬੇਟ ਦੀ ਬਹੁਮੰਤਵੀਂ ਸਭਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਹਿਕਾਰੀ ਮੰਡੀਕਰਨ ਸਭਾ ਬੰਗਾ ਦੇ ਦੌਰੇ ਨੂੰ ਸਫ਼ਲ ਕਰਾਰ ਦਿੰਦਿਆ ਹੋਰਨਾਂ ਸਭਾਵਾਂ ਨੂੰ ਵੀ ਇਸ ਮਾਡਲ `ਤੇ ਚਲਾਏ ਜਾਣ ਦੀ ਗੱਲ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਡੀ. ਮਿਲਕ ਫੈੱਡ ਕਮਲਦੀਪ ਸਿੰਘ ਸੰਘਾ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਐਸ.ਡੀ.ਐਮ. ਦੀਪਸ਼ਿਖਾ ਸ਼ਰਮਾ, ਐਸ.ਪੀ. (ਓਪਰੇਸ਼ਨ) ਸਤਿੰਦਰਪਾਲ ਸਿੰਘ, ਸੀਨੀਅਰ ਕਾਂਗਰਸ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਮਲਕੀਤ ਸਿੰਘ ਬਾਹੜੋਵਾਲ, ਡਾ. ਬਖਸ਼ੀਸ ਸਿੰਘ, ਜੇ.ਆਰ. ਸਹਿਕਾਰੀ ਸਭਾਵਾਂ ਭੁਪਿੰਦਰ ਸਿੰਘ ਵਾਲੀਆ, ਡੀ.ਆਰ. ਸਹਿਕਾਰੀ ਸਭਾਵਾਂ ਮੋਹਨ ਸਿੰਘ, ਮਾਰਕਫੈੱਡ ਦੇ ਐਸ.ਐਸ.ਓ. ਕੁਲਜਿੰਦਰ ਸਿੰਘ ਅਤੇ ਸਭਾ ਦੇ ਮੈਨੇਜਰ ਇਕਬਾਲ ਸਿੰਘ ਤੇ ਹੋਰ ਸਟਾਫ਼ ਮੌਜੂਦ ਸਨ।
ਸਹਿਕਾਰਤਾ ਮੰਤਰੀ ਨੇ ਸਭਾ ਦੇ ਮੈਨੇਜਰ ਇਕਬਾਲ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਭਾ ਨੂੰ ਮਿਸਾਲੀ ਬਣਾਉਣ ਲਈ ਦਿਨ ਰਾਤ ਕੀਤੀ ਮਿਹਨਤ ਲਈ ਵਿਸ਼ੇਸ਼ ਤੌਰ `ਤੇ ਪ੍ਰਸ਼ੰਸਾ ਵੀ ਕੀਤੀ।