ਕਾਲਾਂਵਾਲੀ ਮੰਡੀ, 20 ਜੂਨ 2019 - ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 22 ਜੂਨ ਦਿਨ ਸ਼ਨੀਵਾਰ ਨੂੰ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਅਤੇ ਸੁੱਖ ਸੇਵਾ ਸਿਮਰਨ ਟਰੱਸਟ (ਰਜਿ:) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉੱਘੇ ਸਮਾਜ ਸੇਵੀ ਸਵਰਗਵਾਸੀ ਸੇਠ ਦਰਸ਼ਨ ਲਾਲ ਸਿੰਗਲਾ ਦੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਘੇ ਸਮਾਜ ਸੇਵੀ ਸੇਠ ਦਰਸ਼ਨ ਲਾਲ ਸਿੰਗਲਾ ਜੀ ਦੀ ਯਾਦ ਵਿੱਚ ਆਰੰਭ ਹੋਏ ਪਾਵਨ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ 22 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਉਪਰੰਤ 10 ਵਜੇ ਤੋਂ 4 ਵਜੇ ਤੱਕ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਯੂਕੇ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਸਮੇਂ ਵਿਸ਼ੇਸ਼ ਮਾਹਿਰ ਡਾਕਟਰਾਂ ਦੀਆਂ ਟੀਮਾਂ ਹਾਜ਼ਰ ਰਹਿਣਗੀਆਂ ਜੋ ਵਿਦੇਸ਼ੀ ਮਸ਼ੀਨਾਂ ਦੇ ਨਾਲ ਮਰੀਜ਼ਾਂ ਅਤੇ ਤੰਦਰੁਸਤ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਜਥੇਦਾਰ ਦਾਦੂਵਾਲ ਜੀ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੁਸਾਇਟੀ ਯੂਐਨਓ ਤੋਂ ਮਾਨਤਾ ਪ੍ਰਾਪਤ ਹੈ ਤੇ ਪੂਰੇ ਸੰਸਾਰ ਦੇ ਵਿੱਚ ਮੈਡੀਕਲ ਕੈਂਪ ਲਗਾਉਂਦੇ ਹਨ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਇਲਾਕਾ ਜੋ ਦੂਸ਼ਿਤ ਪਾਣੀ ਅਤੇ ਹਵਾ ਕਰਕੇ ਕੈਂਸਰ ਦੀ ਲਪੇਟ ਵਿਚ ਬੁਰੀ ਤਰ੍ਹਾਂ ਨਾਲ ਆਇਆ ਹੋਇਆ ਹੈ ਪਿੰਡਾਂ ਦੇ ਵਿੱਚੋਂ ਸੈਂਕੜੇ ਮਰੀਜ਼ ਜੋ ਕੈਂਸਰ ਟਰੇਨ ਰਾਹੀਂ ਬੀਕਾਨੇਰ ਜਾ ਕੇ ਆਪਣਾ ਇਲਾਜ ਕਰਾਉਂਦੇ ਹਨ ਅਤੇ ਬਹੁਤ ਮਹਿੰਗੇ ਮਹਿੰਗੇ ਟੈਸਟ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਉਹ ਇੱਥੇ ਫਰੀ ਕੀਤੇ ਜਾਣਗੇ ਕੈਂਪ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਸੰਗਤਾਂ ਦੇ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਸਾਹਿਤ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਪ੍ਰੈੱਸ ਕਾਨਫਰੰਸ ਵਿੱਚ ਇਸ ਸਮੇਂ ਜਥੇਦਾਰ ਦਾਦੂਵਾਲ ਸਾਹਿਬ ਦੇ ਨਾਲ ਭਾਈ ਜਗਮੀਤ ਸਿੰਘ ਬਰਾੜ, ਗੁਰਸੇਵਕ ਸਿੰਘ ਤਖਤੂਪੁਰਾ, ਮੱਖਣ ਸਿੰਘ ਮੱਲਵਾਲਾ, ਸੁਰੇਸ਼ ਸਿੰਗਲਾ, ਜਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਖਾਲਸਾ ਵੀ ਹਾਜ਼ਰ ਸਨ