ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਕੇ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਕਰਨਾ ਮੁੱਖ ਮਕਸਦ: ਚਰਨਦੀਪ ਸਿੰਘ
ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨਾਗਰਿਕ ਪੁਲਿਸ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ: ਸੁਮਿਤ ਸੂਦ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਮਲੇਰਕੋਟਲਾ/ਸੰਗਰੂਰ, 20 ਜੂਨ:
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਸ.ਡੀ.ਐਮ ਮਲੇਰਕੋਟਲਾ ਚਰਨਦੀਪ ਸਿੰਘ ਅਤੇ ਡੀ.ਐਸ.ਪੀ ਸੁਮਿਤ ਸੂਦ ਵੱਲੋਂ ਓਟ ਕਲੀਨਿਕ ਦਾ ਦੌਰਾ ਕਰਕੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਡਾਕਟਰੀ ਸਟਾਫ਼ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ।
ਐਸ.ਡੀ.ਐਮ ਚਰਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਇਨ੍ਹਾਂ 'ਆਊਟ ਪੇਸ਼ੈਂਟ ਓਪਿਐਡ ਅਸਿਸਟਡ ਟਰੀਟਮੈਂਟ ' ਕਲੀਨਿਕ 'ਚ ਉਨ੍ਹਾਂ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਿਲ ਕਰਨ ਦੇ ਸਾਰਥਕ ਉਪਰਾਲੇ ਹੋ ਰਹੇ ਹਨ, ਜਿਹੜੇ ਮਾੜੀ ਸੰਗਤ ਕਾਰਨ ਨਸ਼ਿਆਂ ਦੀ ਮਾਰੂ ਆਦਤ ਦਾ ਸ਼ਿਕਾਰ ਹੋ ਗਏ ਸਨ।
ਚਰਨਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਜਿਸਦੇ ਖਾਤਮੇ ਲਈ ਸਾਰਿਆਂ ਨੂੰ ਇੱਕ ਜਟ ਹੋ ਕੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਸਵੈ-ਇੱਛਾ ਦੇ ਨਾਲ ਛੱਡਿਆ ਜਾ ਸਕਦਾ ਹੈ ਅਤੇ ਸਰਕਾਰ ਵੱਲੋਂ ਇਸੇ ਉਦੇਸ਼ ਤਹਿਤ ਓਟ ਕਲੀਨਿਕ ਅਤੇ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚ ਇਲਾਜ ਲਈ ਤਜਰਬੇਕਾਰ ਅਤੇ ਮਾਹਿਰ ਡਾਕਟਰ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿਖੇ ਮਨੋਰੋਗ ਮਾਹਿਰ ਦੀ ਤਾਇਨਾਤੀ ਹੋਣ ਤੋਂ ਬਾਅਦ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਨਿਯਮਤ ਇਲਾਜ ਵਿਵਸਥਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਟ ਕਲੀਨਿਕ 'ਚ 1073 ਮਰੀਜ਼ਾਂ ਦੀ ਰਜਿਸਟਰੇਸ਼ਨ ਹੋਈ ਹੈ।
ਇਸ ਮੌਕੇ ਡੀ.ਐਸ.ਪੀ ਸੁਮਿਤ ਸੂਦ ਨੇ ਦੱਸਿਆ ਕਿ ਐਸ.ਐਸ.ਪੀ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਲੇਰਕੋਟਲਾ ਸਬ-ਡਵੀਜ਼ਨ 'ਚ ਨਸ਼ਾਖੋਰੀ ਨੂੰ ਠੱਲ ਪਾਉਣ ਲਈ ਯੋਜਨਾਬੱਧ ਢੰਗ ਨਾਲ ਕਾਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਐਸ.ਡੀ.ਐਮ ਅਤੇ ਡੀ.ਐਸ.ਪੀ ਨੇ ਓਟ ਕੇਂਦਰ 'ਚ ਇਲਾਜ ਕਰਵਾਉਣ ਪੁੱਜੇ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮਾਜ 'ਚ ਉਨ੍ਹਾਂ ਨੂੰ ਮੁੜ ਨਵੇਂ ਸਿਰਿਓਂ ਜੋੜਨ ਅਤੇ ਸਿਹਤਮੰਦ ਵਿਅਕਤੀ ਵਜੋਂ ਵਿਚਰਨ ਦੇ ਸਮਰੱਥ ਬਣਾਉਣ ਲਈ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲਣ ਵਾਲੇ ਵਿਅਕਤੀਆਂ ਨੂੰ ਅਜਿਹੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜੋ ਹੁਣ ਤੱਕ ਵੀ ਮਾੜੇ ਅਨਸਰਾਂ ਦੇ ਚੁੰਗਲ ਵਿੱਚ ਫਸ ਕੇ ਗਲਤ ਰਾਹ 'ਤੇ ਤੁਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਸਾਰੇ ਨਾਗਰਿਕ ਆਪਣਾ ਬਣਦਾ ਯੋਗਦਾਨ ਪਾਉਣ ਲਈ ਤਨ ਅਤੇ ਮਨ ਨਾਲ ਪੁਲਿਸ ਪ੍ਰਸਾਸ਼ਨ ਨੂੰ ਆਪਣਾ ਸਹਿਯੋਗ ਪ੍ਰਦਾਨ ਕਰਨ।