ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਲੈਂਦੇ ਹੋਏ ਡਾਕਟਰ ਆਰ ਪੀ ਸਿੰਘ ਏ ਡੀ ਸੀ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫ਼ਾਜ਼ਿਲਕਾ, 19 ਜੂਨ: ਜ਼ਿਲ੍ਹਾ ਫ਼ਾਜ਼ਿਲਕਾ 'ਚ ਗਰਮੀ ਦੇ ਮੌਸਮ ਦੌਰਾਨ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੌਰਨ ਬੀਮਾਰੀਆਂ ਨੂੰ ਪਣਪਣ ਤੋਂ ਰੋਕਣ ਦੇ ਅਗਾਊਂ ਪ੍ਰਬੰਧਾਂ ਤਹਿਤ ਅੱਜ ਜ਼ਿਲ੍ਹਾ ਪੱਧਰੀ ਮੌਨੀਟਰਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਡੇਂਗੂ ਅਤੇ ਹੋਰਨਾਂ ਬੀਮਾਰੀਆਂ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਸਮੇਂ ਤੋਂ ਪਹਿਲਾਂ ਹੀ ਇਨ੍ਹਾਂ ਬੀਮਾਰੀਆਂ ਨਾਲ ਨਜਿੱਠਣ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ। ਜ਼ਿਲ੍ਹਾ ਵਾਸੀਆਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਬੌਰਨ ਬੀਮਾਰੀਆਂ ਦੇ ਲੱਛਣਾਂ ਅਤੇ ਉਪਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ ਉਲੀਕੀ ਗਈ ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਰਕਾਰ ਦੇ 'ਫ਼ਰਾਈਡੇਅ-ਡ੍ਰਾਈ ਡੇਅ' ਜਿਹੇ ਬਚਾਅ-ਪੱਖੀ ਫ਼ਾਰਮੂਲੇ ਨੂੰ ਸਖ਼ਤੀ ਨਾਲ ਸਰਕਾਰੀ ਦਫ਼ਤਰਾਂ ਅਤੇ ਆਪਣੇ ਅਧੀਨ ਇਲਾਕੇ ਵਿੱਚ ਵਿੱਚ ਲਾਗੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੱਛਰ ਦੇ ਲਾਰਵੇ ਵਿਰੋਧੀ ਮੁਹਿੰਮ ਨੂੰ ਗੰਭੀਰਤਾ ਆਪਣੇ ਦਫ਼ਤਰਾਂ ਵਿੱਚ ਹਰ ਦਿਨ ਯਕੀਨੀ ਬਣਾਈਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2017 ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 270 ਕੇਸ ਡੇਂਗੂ ਬੁਖਾਰ ਅਤੇ 9 ਕੇਸ ਮਲੇਰੀਆ ਦੇ ਸਾਹਮਣੇ ਆਏ ਸਨ ਜਦਕਿ ਸਾਲ 2018 ਵਿੱਚ ਡੇਂਗੂ ਦੇ 112 ਅਤੇ ਮਲੇਰੀਆਂ ਦੇ 9 ਮਾਮਲੇ ਪਾਏ ਗਏ ਸਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਇਸ ਵਾਰ ਡੇਂਗੂ ਤੇ ਮਲੇਰੀਆ ਅਤੇ ਹੋਰਨਾਂ ਵੈਕਟਰ ਬੌਰਨ ਬੀਮਾਰੀਆਂ ਦੇ ਮਾਮਲੇ ਦੀ ਗਿਣਤੀ ਸਿਫ਼ਰ ਕਰਨ ਲਈ ਹੁਣੇ ਤੋਂ ਕਮਰਕੱਸੇ ਕਰ ਲਏ ਜਾਣ ਅਤੇ ਸਾਰੇ ਵਿਭਾਗ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੁਣੇ ਤੋਂ ਹੀ ਲੋੜੀਂਦੀਆਂ ਗਤੀਵਿਧੀਆਂ ਚਾਲੂ ਕਰ ਦੇਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੂਨ ਨੂੰ 'ਮਲੇਰੀਆ ਵਿਰੋਧੀ ਮਹੀਨੇ' ਅਤੇ ਜੁਲਾਈ ਨੂੰ 'ਡੇਂਗੂ ਵਿਰੋਧੀ ਮਹੀਨੇ' ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਆਪਣੇ ਪੱਧਰ 'ਤੇ ਡੇਂਗੂ ਲਈ ਹਾਈ ਰਿਸਕ ਖੇਤਰਾਂ ਦੀ ਸ਼ਨਾਖਤ ਕਰਕੇ ਮਾਈਕਰੋਪਲਾਨ ਤਿਆਰ ਕੀਤਾ ਜਾਵੇ ਅਤੇ ਉਥੇ ਸਮੇਂ-ਸਮੇਂ 'ਤੇ ਐਂਟੀ ਲਾਰਵਲ ਗਤੀਵਿਧੀਆਂ ਯਕੀਨੀ ਬਣਾਈਆਂ ਜਾਣ। ਡਾ. ਆਰ.ਪੀ. ਸਿੰਘ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਬਾੜੀ ਅਤੇ ਪੈਂਚਰਾਂ ਦੀਆਂ ਦੁਕਾਨਾਂ 'ਤੇ ਵੱਧ ਤੋਂ ਵੱਧ ਚੈਕਿੰਗ ਕਰਨ ਅਤੇ ਸ਼ਹਿਰੀ ਇਲਾਕੇ ਵਿੱਚ ਕਿਸੇ ਵੀ ਸਥਾਨ ਤੋਂ 3 ਵਾਰ ਤੋਂ ਜ਼ਿਆਦਾ ਲਗਾਤਾਰ ਲਾਰਵਾ ਮਿਲਣ 'ਤੇ ਸਬੰਧਤ ਦੁਕਾਨਦਾਰ ਦਾ ਚਲਾਨ ਕਰਨ। ਸ਼ਹਿਰ ਵਿੱਚ ਸਮੇਂ-ਸਮੇਂ ਸਿਰ ਹਾਈ ਰਿਸਕ ਵਾਲੇ ਖੇਤਰਾਂ ਵਿੱਚ ਫ਼ੌਗਿੰਗ ਕਰਵਾਈ ਜਾਵੇ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਜੇ ਕੋਈ ਬੀਮਾਰੀ ਤੋਂ ਪ੍ਰਭਾਵਤ ਮਾਮਲਾ ਉਨ੍ਹਾਂ ਦੀ ਨਜ਼ਰ ਵਿੱਚ ਆਉਂਦਾ ਹੈ ਤਾਂ ਅਜਿਹੇ ਮਰੀਜ਼ਾਂ ਦੀ ਸੂਚੀ ਦਫ਼ਤਰ ਸਿਵਲ ਸਰਜਨ ਫ਼ਾਜ਼ਿਲਕਾ ਨਾਲ ਸਾਂਝੀ ਕੀਤੀ ਜਾਵੇ। ਇਸ ਤੋਂ ਇਲਾਵਾ ਟੀਮਾਂ ਬਣਾ ਕੇ ਲੋਕਾਂ ਨੂੰ ਆਪਣੇ ਪੱਧਰ 'ਤੇ ਇਹਨਾਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾਵੇ। ਖ਼ਾਲੀ ਪਲਾਟਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਪਲਾਟ ਵਿੱਚ ਭਰਤ ਪਾ ਕੇ ਸੜਕ ਤੋਂ ਉੱਚਾ ਕਰਨ ਤਾਂ ਜੋ ਉਨ੍ਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਖੜਾ ਨਾ ਹੋ ਸਕੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰ ਸਿੱਖਿਆ) ਸ. ਕੁਲਵੰਤ ਸਿੰਘ ਨੂੰ ਕਿਹਾ ਕਿ ਸਵੇਰ ਦੀ ਸਭਾ ਦੌਰਾਨ ਡੇਂਗੂ ਅਤੇ ਮਲੇਰੀਆ ਸਬੰਧੀ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸਕੂਲ ਮੁਖੀਆਂ ਨੂੰ ਪਾਬੰਦ ਕੀਤਾ ਜਾਵੇ ਅਤੇ ਕਿਸੇ ਬੱਚੇ ਨੂੰ ਬੁਖਾਰ ਹੋਣ ਦੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਖ਼ੂਨ ਦੀ ਜਾਂਚ ਕਰਾਉਣ ਲਈ ਪ੍ਰੇਰਿਆ ਜਾਵੇ। ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਾਟਰ ਵਰਕਸਾਂ 'ਤੇ ਲੀਕੇਜ ਰੋਕਣ ਲਈ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਾਣੀ ਦੀ ਸਮੇਂ-ਸਮੇਂ 'ਤੇ ਕਲੋਰੀਨੇਸ਼ਨ ਕਰਨ ਸਣੇ ਨਿਯਮਿਤ ਤੌਰ 'ਤੇ ਪਾਣੀ ਦੇ ਨਮੂਨ ਲਏ ਜਾਣ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਖੇਤਰੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖੜੇ ਪਾਣੀ ਦੇ ਸਰੋਤਾਂ ਜਾਂ ਲਾਰਵਾ ਦੀ ਪੈਦਾਇਸ਼ ਰੋਕਣ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੇ ਪਾਣੀ ਲਈ ਬਣਾਈਆਂ ਟੈਂਕੀਆਂ ਨੂੰ ਹਰ ਸੱਤ ਦਿਨਾਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਾਉਣਾ, ਪਸ਼ੂ ਪਾਲਕ ਫ਼ਾਰਮ ਦੇ ਨੇੜੇ-ਤੇੜੇ ਸਫ਼ਾਈ ਰੱਖਣ ਅਤੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ 'ਚ ਸੂਰ ਨਾ ਰੱਖਣਾ ਯਕੀਨੀ ਬਣਾਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਸਰਪੰਚਾਂ ਰਾਹੀਂ ਪਿੰਡਾਂ ਵਿਚਲੇ ਛੱਪੜਾਂ ਅਤੇ ਟੋਇਆਂ, ਨਾਲੀਆਂ ਨੂੰ ਹਰ ਹਫਤੇ ਵਿੱਚ ਇੱਕ ਵਾਰ ਸੜੇ ਹੋਏ ਕਾਲੇ ਤੇਲ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ਼ ਇਸ ਕਾਰਜ ਨੂੰ ਅਮਲੀਜਾਮਾ ਪਹਿਨਾਉਣਾ ਯਕੀਨੀ ਬਣਾਉਣ। ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦਾਣਾ ਮੰਡੀਆਂ 'ਚ ਪਾਣੀ ਦੀ ਲੀਕੇਜ ਰੋਕਣ, ਖੱਡੇ ਭਰਨ ਤੇ ਪਾਣੀ ਸਰੋਤਾਂ ਨਸ਼ਟ ਕਰਨ, ਸੜਕਾਂ ਦੀਆਂ ਬਰਮਾਂ ਦਾ ਪੱਧਰ ਉੱਚਾ ਕਰਨਾ ਯਕੀਨੀ ਬਣਾਉਣ ਲਈ ਕਿਹਾ। ਡਾ. ਆਰ.ਪੀ. ਸਿੰਘ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਵਿੱਚ ਭਰਪੂਰ ਸਹਿਯੋਗ ਦੇਣ। ਉਨ੍ਹਾਂ ਇਸੇ ਤਰ੍ਹਾਂ ਆਈ.ਐਮ.ਏ. ਪ੍ਰਧਾਨ ਸ਼੍ਰੀਮਤੀ ਰੇਨੂ ਧੂੜੀਆ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਸਫ਼ਾਈ ਦੇ ਪ੍ਰਬੰਧ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਆਉਂਦੇ ਸ਼ੱਕੀ ਮਰੀਜ਼ਾਂ ਦੀ ਸੂਚੀ ਰੋਜ਼ਾਨਾ ਤੌਰ 'ਤੇ ਸਿਵਲ ਸਰਜਨ ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਉਣ ਲਈ ਕਿਹਾ। ਨਿਰਧਾਰਤ ਫ਼ੀਸ ਤੋਂ ਵੱਧ ਲੈਣ ਵਾਲੀਆਂ ਲੈਬਾਰਟਰੀਆਂ ਵਿਰੁੱਧ ਹੋਵੇਗੀ ਕਾਰਵਾਈ ਡਾ. ਆਰ.ਪੀ. ਸਿੰਘ ਨੇ ਉਚੇਚੇ ਤੌਰ 'ਤੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੇਂਗੂ ਅਤੇ ਚਿਕਨਗੁਨੀਆ ਲਈ ਆਰ.ਡੀ.ਟੀ. ਕਿੱਟਾਂ ਰਾਹੀਂ ਹੋਣ ਵਾਲੇ ਟੈਸਟਾਂ ਨੂੰ ਪੁਖ਼ਤਾ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਪ੍ਰਾਈਵੇਟ ਲੈਬਾਰਟਰੀ ਵੱਲੋਂ ਅਲਾਈਜ਼ਾ ਟੈਸਟ ਕੀਤਾ ਜਾਂਦਾ ਹੈ ਤਾਂ ਉਸ ਦੀ ਨਿਰਧਾਰਤ ਸਰਕਾਰੀ ਫ਼ੀਸ 600 ਰੁਪਏ ਮਿੱਥੀ ਗਈ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਫ਼ੀਸ ਤੋਂ ਵੱਧ ਪੈਸੇ ਵਸੂਲਣ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੇ ਮਾਲਕਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਿਵੇਂ ਫੈਲਦਾ ਹੈ ਡੇਂਗੂ ਬੁਖਾਰ ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮਾਲੌਜਿਸਟ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ, ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟੇਰਆਂ, ਖੁੱਲ੍ਹੇ ਵਿੱਚ ਪਏ ਟਾਇਰ ਅਤੇ ਹੋਰ ਸਾਫ਼ ਪਾਣੀ ਦੇ ਸਰੋਤਾਂ ਆਦਿ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਆਮ ਤੌਰ 'ਤੇ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲੱਛਣ ਤੇਜ਼ ਬੁਖਾਰ, ਅੱਖਾਂ ਪਿੱਛੇ ਦਰਦ ਹੋਣਾ, ਜੋੜਾਂ ਦਾ ਦਰਦ, ਥਕਾਵਟ ਅਤੇ ਕਮਜ਼ੋਰੀ ਆਦਿ ਹਨ। ਡੇਂਗੂ ਤੋਂ ਬਚਣ ਲਈ ਘਰਾਂ ਦਾ ਚੌਗਿਰਦਾ ਸਾਫ਼ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਸੋਮਿਆਂ ਵਿੱਚ ਸਾਫ਼ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੂਲਰਾਂ, ਗਮਲਿਆਂ, ਫ਼ਰਿੱਜਾਂ ਦੀਆਂ ਟਰੇਆਂ ਅਤੇ ਅਣ-ਢਕੀਆਂ ਟੈਂਕੀਆਂ ਨੂੰ ਸਾਫ਼ ਕਰਕੇ ਸੁਕਾਇਆ ਜਾਵੇ ਤਾਂ ਜੋ ਏਡੀਜ਼ ਮੱਛਰ ਦੇ ਬ੍ਰੀਡਿੰਗ ਸਾਈਕਲ ਨੂੰ ਰੋਕਿਆ ਜਾ ਸਕੇ ਅਤੇ ਮੱਛਰ ਦੀ ਪੈਦਾਵਾਰ ਨੂੰ ਘਟਾਇਆ ਜਾ ਸਕੇ। ਸਾਨੂੰ ਮੱਛਰ ਦੇ ਕੱਟਣ ਤੋ ਬਚਣ ਲਈ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਨਾਲ ਹੀ ਸੋਣ ਵੇਲੇ ਮੱਛਰ ਦਾਨੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਹੋਣ ਦੀ ਪੁਸ਼ਟੀ ਸਬੰਧੀ ਟੈਸਟ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਡੇਂਗੂ ਤੇ ਚਿਕਨਗੁਨੀਆ ਆਦਿ ਘਾਤਕ ਬੀਮਾਰੀਆਂ ਦੇ ਲੱਛਣਾਂ ਅਤੇ ਬਚਾਆਂ ਨੂੰ ਦਰਸਾਉਂਦਾ ਹੋਇਆ ਪੋਸਟਰ ਵੀ ਜਾਰੀ ਕੀਤਾ ਤਾਂ ਜੋ ਦਰਸਾਏ ਲੱਛਣ ਨਜ਼ਰ ਹੋਣ 'ਤੇ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਤੇ ਹੋਰ ਬੀਮਾਰੀਆਂ ਤੋਂ ਅਗਾਊਂ ਚੌਕਸੀ ਵਰਤਣ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪੋਸਟਰ ਘਰ-ਘਰ ਪਹੁੰਚਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਵੈਕਟਰ ਬੌਰਨ ਬੀਮਾਰੀਆਂ ਸਬੰਧੀ ਪੈਂਫ਼ਲੈਟ ਤਿਆਰ ਕਰਨ ਤਹਿਤ ਨਗਰ ਕੌਂਸਲ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਇਸ ਦੀ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਵੀ ਕਿਹਾ। ਮੀਟਿੰਗ ਦੌਰਾਨ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਖਟਕ, ਡੀ.ਐਸ.ਪੀ. ਨਿਰਮਲ ਸਿੰਘ, ਡਿਪਟੀ ਮੈਡੀਕਲ ਕਮਿਨਸ਼ਰ ਡਾ. ਗੁਰਦਿਆਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਜਿੰਦਰ ਬਾਂਸਲ ਸਣੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਿਹਤ ਵਿਭਾਗ ਤੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਸ. ਅਤਿੰਦਰ ਪਾਲ ਸਿੰਘ ਅਤੇ ਸ. ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।