ਮਾਨਸਾ , 11 ਜੂਨ 2019 - ਪਿਛਲੇ 8 ਸਾਲਾਂ ਤੋਂ ਫੌਜੀ ਦੀ ਵਿਆਹੁਤਾ ਵਿਧਵਾ ਹੋਣ ਤੋਂ ਬਾਅਦ ਆਪਣੇ 7 ਸਾਲ ਦੇ ਬੇਟੇ ਨੂੰ ਲੈ ਕੇ ਘਰ ਦਾ ਗੁਜ਼ਾਰਾ ਕਰਨ ਲਈ ਦਰ -ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੀ ਹੈ। ਪਿੰਡ ਝੰਡੂਕੇ ਦੇ ਕੁਲਵਿੰਦਰ ਸਿੰਘ ਪੁੱਤਰ ਯੋਧਾ ਸਿੰਘ ਦੇ ਘਰ ਵਿਆਹੀ ਸਿਮਰਜੀਤ ਕੌਰ ਪਿਛਲੇ ਅਰਸੇ ਤੋਂ ਆਪਣੇ ਹੀ ਪਰਿਵਾਰ ਤੋਂ ਆਪਣੇ ਬੇਟੇ ਦੇ ਤੀਜੇ ਹਿੱਸੇ ਆਉਂਦੀ ਜ਼ਮੀਨ ਢਾਈ ਕਿੱਲਿਆਂ ਦਾ ਹੱਕ ਲੈਣ ਲਈ ਕਚਿਹਰੀਆਂ ਦੇ ਵਿਚ ਖੱਜਲ ਖੁਆਰ ਹੋ ਰਹੀ ਹੈ।
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਆਗੂਆਂ ਨੂੰ ਲੜਕੀ ਨੇ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਨੂੰ ਉਸਦੇ ਪਤੀ ਕੁਲਵਿੰਦਰ ਨੂੰ ਸੇਵਾ ਬਦਲੇ 13 ਲੱਖ ਰੁਪਏ ਦੀ ਦਿੱਤੀ ਰਾਸ਼ੀ ਲੈ ਲਈ ਗਈ ਹੈ ਅਤੇ ਆਪਣੇ ਬੇੇਟੇ ਕੁਲਵਿੰਦਰ ਸਿੰਘ ਦੇ ਹਿੱਸੇ ਆਉਂਦੀ ਤਿੱਜੇ ਹਿੱਸੇ ਚ ਆਉਂਦੀ ਜ਼ਮੀਨ ਦੇਣ ਤੋਂ ਇਨਕਾਰੀ ਹਨ।
ਉਨ੍ਹਾਂ ਕਿਹਾ ਕਿ ਫੌਜ ਵਿੱਚ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਕੁਲਵਿੰਦਰ ਸਿੰਘ ਦੀ ਵਿਧਵਾ ਨੂੰ ਸਮਾਜ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਅਤੇ ਹਰ ਪੱਖੋਂ ਸਹਾਇਤਾ ਕੀਤੀ ਜਾਵੇ। ਉਥੇ ਸਰਕਾਰੇ ਦਰਬਾਰੇ ਵੀ ਸਿਮਰਜੀਤ ਕੌਰ ਦੀ ਸੁਣਵਾਈ ਨਹੀ ਹੋ ਰਹੀ। ਆਏ ਦਿਨ ਆਪਣਾ ਬਣਦਾ ਹੱਕ ਲੈਣ ਲਈ ਕਚਹਿਰੀ ਵਿੱਚ ਪੈਂਦੀਆਂ ਤਰੀਕਾਂ ਅਤੇ ਖਰਚਿਆਂ ਨੇ ਵਿਧਵਾ ਸਿਮਰਜੀਤ ਅਤੇ ਉਸਦੇ ਛੋਟੇ ਬੱਚੇ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਪ੍ਰਗਤੀਸ਼ੀਲ ਇਸਤਰੀ ਸਭਾ ( ਏਪਵਾ ) ਦੇ ਜ਼ਿਲ੍ਹਾ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ,ਬਲਵਿੰਦਰ ਕੌਰ ਨੇ ਸਾਝੇ ਬਿਆਨ ਰਾਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕਿਸਮ ਦੇ ਮਸਲਿਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀ ਪੀੜਤਾਂ ਨੂੰ ਜਲਦ ਇਨਸਾਫ ਦਿੱਤਾ ਜਾਵੇ।