ਮੋਹਾਲੀ :10 ਜੂਨ 2019 - ਸੈਕਟਰ 70 ਦੇ ਨੇਬਰਹੁੱਡ ਪਾਰਕ ਵਿੱਚ ਬਣੀ ਲਾਇਬ੍ਰੇਰੀ ਨੂੰ ਖੋ੍ਹਲਣ ਦੇ ਮਾਮਲੇ ਨੂੰ ਲੈ ਕੇ ਅੱਜ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਪ੍ਰਸ਼ਾਸ਼ਨ ਵੱਲੋਂ ਅੱਜ ਲਾਇਬਰੇਰੀ ਨੂੰ ਖੋ੍ਹਲਣ ਦੇ ਦਿੱਤੇ ਭਰੋਸੇ ਦੀ ਥਾਂ ਉੱਥੇ ਕਿਤਾਬਾਂ ਦਾਨ ਕਰਨ ਵਾਲੇ ਡੋਨਰਾਂ ਨੂੰ ਭਜਾਉਣ ਲਈ ਪੁਲੀਸ ਭੇਜ ਦਿੱਤੀ।
ਹੋਇਆ ਇੰਜ ਕਿ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਸ. ਭੁਪਿੰਦਰਪਾਲ ਸਿੰਘ ਨੂੰ ਇੱਕ ਹਫ਼ਤਾ ਪਹਿਲਾਂ ਸੈਕਟਰ 70 ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ‘ਚ ਵੱਖ ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆ ਦਾ ਇੱਕ ਵਫ਼ਦ ਮਿਲਿਆ ਸੀ। ਵਫ਼ਦ ਨੇ ਸੈਕਟਰ 70 ਵਿੱਚ ਪਿਛਲੇ ਢਾਈ ਸਾਲ ਤੋਂ ਬਣੀ ਲਾਇਬਰੇਰੀ ਨੂੰ ਖੋ੍ਹਲਣ ਦੀ ਬੇਨਤੀ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਸਾਬਕਾ ਐੱਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਐੱਮ.ਪੀ.ਲੈੱਡ ਵਿੱਚੋਂ 25-25 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਸ਼ਹਿਰ ਦੀਆ ਛੇ ਲਾਇਬ੍ਰੇਰੀਆਂ ਬੰਦ ਪਈਆਂ ਹੋਣ ਕਾਰਨ ਇੱਕ ਤਾਂ ਸ਼ਹਿਰ ਦੇ ਲੋਕ ਇਸ ਸਹੂਲਤ ਤੋਂ ਵਾਂਝੇ ਹਨ ਤੇ ਦੂਜਾ ਉਸ ਅੰਦਰ ਪਿਆ ਫ਼ਰਨੀਚਰ ਤੇ ਦਰਵਾਜ਼ੇ ਬਾਰੀਆਂ ਟੁੱਟ ਤੇ ਗਲ਼ ਰਹੀਆਂ ਹਨ। ਵਫ਼ਦ ਨੇ ਕਮਿਸ਼ਨਰ ਨੂੰ ਪੁੱਛਿਆ ਕਿ ਜਦੋਂ ਇਸਦਾ ਸਟਾਫ਼ ਵੀ ਠੇਕੇ ਤੇ ਰੱਖਿਆ ਜਾ ਚੁੱਕਾ ਹੈ ਤਾਂ ਲਾਇਬ੍ਰੇਰੀਆਂ ਫਿਰ ਵੀ ਕਿਉਂ ਬੰਦ ਹਨ। ਕਮਿਸ਼ਨਰ ਨੇ ਕਿਤਾਬਾਂ ਦਾ ਟੈਂਡਰ ਨਾ ਹੋਣ ਦੀ ਗੱਲ ਕਹਿ ਕੇ ਦੇਰੀ ਦਾ ਕਾਰਨ ਦੱਸਿਆ ਤਾਂ ਵਫ਼ਦ ‘ਚ ਹਾਜ਼ਰ ਲੋਕਾਂ ਨੇ ਕਿਤਾਬਾਂ ਦਾਨ ਦੇਣ ਤੇ ਅਖਬਾਰ ਤੇ ਮੈਗਜ਼ੀਨ ਵੀ ਲਵਾਉਣ ਦੀ ਹਾਮੀ ਭਰ ਦਿੱਤੀ, ਜਿਸ ‘ਤੇ ਕਮਿਸ਼ਨਰ ਵੱਲੋਂ ਨਗਰ ਨਿਗਮ ਦੇ ਸਕੱਤਰ ਸ੍ਰੀ ਰਜੀਵ ਕੁਮਾਰ, ਐੱਸ.ਡੀ.ਓ. ਸੁਖਵਿੰਦਰ ਸਿੰਘ ਨੂੰ ਲਾਇਬਰੇਰੀ ਦੀ ਰਿਪੋਰਟ ਦੇਣ ਲਈ ਕਿਹਾ। ਸਕੱਤਰ ਦੀ ਰਿਪੋਰਟ ਤੋਂ ਬਾਅਦ ਕਮਿਸ਼ਨਰ ਨੇ ਸੋਮਵਾਰ 10 ਜੂਨ ਨੂੰ ਲਾਇਬਰੇਰੀ ਖੋ੍ਹਲਣ ਦਾ ਵਾਅਦਾ ਕੀਤਾ।
ਸ੍ਰੀ ਪਟਵਾਰੀ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਦੁਬਾਰਾ ਕਮਿਸ਼ਨਰ ਨੇ ਫ਼ੋਨ ‘ਤੇ ਗੱਲ-ਬਾਤ ਰਾਹੀਂ ਭਰੋਸਾ ਦਿੱਤਾ ਕਿ ਸੋਮਵਾਰ ਹਰ ਹਾਲਤ ਵਿੱਚ ਸਕੱਤਰ ਨਗਰ ਨਿਗਮ ਦੀ ਅਗਵਾਈ ‘ਚ ਲਾਇਬਰੇਰੀ ਖੋਲ੍ਹ ਦਿੱਤੀ ਜਾਵੇਗੀ। ਪਰ ਅੱਜ ਜਦੋਂ ਲੋਕ ਖ਼ੁਸ਼ੀ ਖ਼ੁਸ਼ੀ ਲਾਇਬਰੇਰੀ ਪਹੁੰਚੇ ਤਾਂ ਨਗਰ ਨਿਗਮ ਦੀ ਆਈ ਟੀਮ ਨੇ ਦੱਸਿਆ ਕਿ ਉਹ ਲਾਇਬਰੇਰੀ ਖੋ੍ਹਲਣ ਲਈ ਨਹੀਂ ਸਗੋਂ ਕਮਿਸ਼ਨਰ ਵੱਲੋਂ ਇਸ ਲਈ ਭੇਜੇ ਗਏ ਹਨ ਕਿ ਤੁਸੀਂ (ਡੋਨਰਜ਼) ਲਾਇਬਰੇਰੀ ਦਾ ਤਾਲਾ ਤੋੜ ਕੇ ਅੰਦਰ ਵੜ ਗਏ ਹੋ। ਇਸ ਤੋਂ ਤੁਰੰਤ ਬਾਅਦ ਪੁਲੀਸ ਆ ਗਈ ਕਿ ਕਮਿਸ਼ਨਰ ਨੇ ਸ਼ਿਕਾਇਤ ਕੀਤੀ ਹੈ ਕਿ ਲਾਇਬਰੇਰੀ ਦਾ ਤਾਲਾ ਤੋੜ ਦਿੱਤਾ ਹੈ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ। ਅਸਲ ਵਿੱਚ ਕਮਿਸ਼ਨਰ ਨੂੰ ਉੱਪਰੋਂ ਦਬਾਅ ਪਿਆ ਕਿ ਇਸ ਦਾ ਉਦਘਾਟਨ ਕਿਸੇ ਮੰਤਰੀ ਤੋਂ ਕਰਵਾਇਆ ਜਾਵੇ।
ਇਸੇ ਦੌਰਾਨ ਲਾਇਬਰੇਰੀ ਨੂੰ ਖੁਲਵਾਉਣ ਦੇ ਚਾਹਵਾਨਾਂ ਨੇ ਲਾਇਬਰੇਰੀ ਦੇ ਨਾਂ ‘ਤੇ ਕੀਤੀ ਗਈ ਸਿਆਸਤ ਦੀ ਨਿਖੇਧੀ ਕੀਤੀ ਹੈ। ਹਾਜ਼ਰ ਲੋਕਾਂ ਨੇ ਫੈਸਲਾ ਕੀਤਾ ਕਿ ਜੇਕਰ ਇੱਕ ਹਫ਼ਤੇ ‘ਚ ਲਾਇਬਰੇਰੀ ਨਾਂ ਖੋਲ੍ਹੀ ਤਾਂ ਇਸ ਬਾਰੇ ਸੰਘਰਸ਼ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਦੂਜੇ ਪਾਰਕਾਂ ਦੇ ਲੋਕਾਂ ਨੂੰ ਵੀ ਲਾਇਬ੍ਰੇਰੀਆਂ ਖੁਲਵ੍ਹਾਉਣ ਲਈ ਨਾਲ ਲਿਆ ਜਾਵੇਗਾ।
ਲਾਇਬਰੇਰੀ ਖੁਲਵ੍ਹਾਉਣ ਲਈ ਪਹੁੰਚੇ ਲੋਕਾਂ ਵਿੱਚ ਹੋਰਨਾਂ ਤੋਂ ਇਲਾਵਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਆਰ.ਪੀ.ਕੰਬੋਜ, ਆਰ.ਕੇ.ਗੁਪਤਾ,ਜੇ.ਪੀ ਸਿੰਘ, ਦਰਸ਼ਨ ਸਿੰਘ ਮਹਿੰਮੀ, ਸੁਖਦੇਵ ਸਿੰਘ ਪੰਥ, ਇੰਜ. ਦਲਬੀਰ ਸਿੰਘ, ਮਹਾਂਦੇਵ ਸਿੰਘ ਅੇਡਵੋਕੇਟ, ਇੰਜ. ਰਜਿੰਦਰ ਗੋਇਲ, ਵਿਪਨਜੀਤ ਸਿੰਘ, ਇੰਜ. ਲਖਵਿੰਦਰ ਸਿੰਘ, ਸੋਭਾ ਗੌਰੀਆਂ, ਨਰਿੰਦਰ ਕੌਰ, ਨੀਲਮ ਚੋਪੜਾ, ਸੁਖਵਿੰਦਰ ਕੌਰ, ਗੁਰਨਾਮ ਸਿੰਘ ਸਿੱਧੂ, ਸੀਤਲ ਸਿੰਘ, ਵੀਰ ਸਿੰਘ ਠਾਕੁਰ, ਪੰਕੇਸ਼ ਕੁਮਾਰ, ਪ੍ਰੇਮ ਕੁਮਾਰ ਚਾਂਦ, ਦਿਨਸ਼ ਗੁਪਤਾ, ਸ੍ਰੀ ਪਰਾਸ਼ਰ, ਨੀਟੂ ਰਾਜਪੂਤ ਆਦਿ ਹਾਜ਼ਰ ਸਨ।