ਬਠਿੰਡਾ, 10 ਜੂਨ 2019: ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਇਸ ਦੌਰਾਨ ਚੱਲਣ ਵਾਲੀਆਂ ਗਰਮ ਹਵਾਵਾਂ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲਾ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਸ ਮੌਸਮ ਦੌਰਾਨ ਸਾਵਧਾਨੀ ਵਰਤ ਕੇ ਹੀ ਗਰਮੀ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਗਰਮੀ ਦੇ ਪ੍ਰਭਾਵ ਤੋਂ ਆਮ ਲੋਕਾਂ ਨੂੰ ਬਚਾਉਣ ਵਾਸਤੇ ਲੋੜੀਂਦੇ ਤੇ ਯੋਗ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਉਨਾਂ ਦੱਸਿਆ ਕਿ ਇਸ ਲਈ ਸਹਾਇਕ ਕਮਿਸ਼ਨਰ ਸ਼ਿਕਾਇਤਾ ਸ਼੍ਰੀ ਵਰਿੰਦਰ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਨਿਵਾਸਨ ਨੇ ਨਿਗਰਾਨ ਇੰਜਨੀਅਰ, ਬਿਜਲੀ ਬੋਰਡ ਬਠਿੰਡਾ ਨੂੰ ਗਰਮੀ ਦੇ ਮੌਸਮ ਦੌਰਾਨ ਹਸਪਤਾਲਾਂ ਅਤੇ ਸ਼ਹਿਰੀ ਹੈਲਥ ਸੈਂਟਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਹੈ। ਉਨਾਂ ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਨੂੰ ਹਦਾਇਤ ਕੀਤੀ ਹੈ ਕਿ ਜ਼ਿਲੇ ਦੇ ਸਾਰੇ ਐਨ.ਜੀ.ਓਜ਼ ਦੀਆਂ ਵੱਧ ਤੋਂ ਵੱਧ ਸੇਵਾਵਾਂ ਲਈਆਂ ਜਾਣ। ਇਸ ਲਈ ਐਨ.ਜੀ.ਓਜ਼ ਦੀ ਸਹਾਇਤਾ ਨਾਲ ਜ਼ਿਲੇ ਅੰਦਰ ਵੱਖ-ਵੱਖ ਪਬਲਿਕ ਸਥਾਨਾਂ 'ਤੇ ਆਮ ਲੋਕਾਂ ਦੇ ਲਈ ਪੀਣ ਵਾਲੇ ਪਾਣੀ ਦੇ ਯੋਗ ਪ੍ਰਬੰਧ ਯਕੀਨੀ ਬਣਾਏ ਜਾਣ।
ਗਰਮ ਹਵਾਵਾਂ ਤੋਂ ਬਚਾਅ ਲਈ ਕੁੱਝ ਅਹਿਮ ਕਰਨਯੋਗ ਗੱਲਾਂ ਦਾ ਵਿਸਥਾਰ ਦਿੰਦਿਆਂ ਉਨਾਂ ਕਿਹਾ ਕਿ ਹਵਾਦਾਰ ਤੇ ਹਲਕੇ ਖਾਦੀ ਦੇ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ, ਧੁੱਪ ਤੋਂ ਬਚਣ ਲਈ ਚਸ਼ਮਾ, ਛੱਤਰੀ, ਹੈਟ, ਜੁਤੇ ਆਦਿ ਪਾ ਕੇ ਬਾਹਰ ਨਿਕਲਿਆ ਜਾਵੇ, ਸਫ਼ਰ ਵਿੱਚ ਆਪਣੇ ਨਾਲ ਪਾਣੀ ਜ਼ਰੂਰ ਰੱਖਿਆ ਜਾਵੇ, ਬਾਹਰ ਕੰਮ 'ਤੇ ਜਾਣ ਸਮੇਂ ਅਪਣੇ ਸਰੀਰ ਨੂੰ ਚੰਗੀ ਤਰਾਂ ਢੱਕ ਕੇ ਰੱਖਿਆ ਜਾਵੇ ਅਤੇ ਜ਼ਰੂਰਤ ਮੁਤਾਬਕ ਓ.ਆਰ.ਐਸ. ਦਾ ਘੋਲ, ਲੱਸੀ, ਚੌਲਾਂ ਦਾ ਪਾਣੀ, ਨਿੰਬੂ ਪਾਣੀ, ਆਦਿ ਦਾ ਸੇਵਨ ਕਰਨ ਨੂੰ ਤਰਜੀਹ ਦਿੱਤੀ ਜਾਵੇ, ਗਰਮੀਆਂ ਦੇ ਦਿਨਾਂ ਵਿੱਚ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਕੀਤੀ ਜਾਵੇ।
ਗਰਮੀ ਦੇ ਪ੍ਰਭਾਵ ਨੂੰ ਘਟਾਉਣ ਦੇ ਤਰੀਕੇ ਦੱਸਦਿਆਂ ਉਨਾਂ ਕਿਹਾ, ''ਘਰਾਂ ਨੂੰ ਠੰਢਾ ਰੱਖਣ ਲਈ ਪਰਦਿਆਂ ਦਾ ਪ੍ਰਯੋਗ ਕੀਤਾ ਜਾਵੇ, ਰਾਤ ਨੂੰ ਖਿੜਕੀਆਂ ਖੋਲ ਕੇ ਰੱਖੀਆਂ ਜਾਣ, ਪੱਖਿਆਂ ਦਾ ਪ੍ਰਯੋਗ ਅਤੇ ਠੰਢੇ ਪਾਣੀ ਦੇ ਨਾਲ ਦਿਨ ਵਿੱਚ ਇਕ ਤੋਂ ਵੱਧ ਵਾਰ ਨਹਾ ਕੇ ਲੂੰ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਉਨਾਂ ਕੰਮ-ਕਾਜ ਵਾਲੇ ਸਥਾਨਾਂ 'ਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਠੰਢੇ ਪਾਣੀ ਦਾ ਪ੍ਰਯੋਗ ਕਰਨ, ਕਰਮਚਾਰੀਆਂ ਨੂੰ ਸਿੱਧੀ ਧੁੱਪ ਤੋਂ ਪ੍ਰਹੇਜ਼ ਕਰਨ, ਆਊਟਡੋਰ ਗਤੀਵਿਧੀਆਂ ਲਈ ਆਰਾਮ ਦੇ ਸਮੇਂ ਨੂੰ ਵਧਾਉਣ ਅਤੇ ਵੱਧਦੇ ਤਾਪਮਾਨ ਵਿੱਚ ਗਰਭਵਤੀ ਮਹਿਲਾ ਕਰਮਚਾਰੀ 'ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ
ਉਨਾਂ ਕਿਹਾ ਕਿ ਲੂੰ ਲਗਣ ਦੇ ਲੱਛਣ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਾ ਆਦਿ ਪੈਣਾ ਹੋ ਸਕਦੇ ਹਨ ਅਤੇ ਅਜਿਹੀ ਸਥਿਤੀ ਦੀ ਸੂਰਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਸ਼੍ਰੀ ਬੀ. ਸ੍ਰੀਨਿਵਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਮੌਸਮ ਦੇ ਬਾਰੇ ਵਿੱਚ ਰੇਡੀਉ, ਟੀ.ਵੀ., ਅਖ਼ਬਾਰਾਂ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਜ਼ਰੂਰ ਰੱਖਣ ਉਨਾਂ ਕਿਹਾ ਕਿ ਇਨਾਂ ਸਾਵਧਾਨੀਆਂ ਤੋਂ ਅਸੀ ਆਉਣ ਵਾਲੇ ਦਿਨਾਂ ਵਿੱਚ ਲੂੰ ਤੋਂ ਬਚਾਅ ਕਰ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ