ਸੁਖਬੀਰ ਸਿੰਘ ਬਾਦਲ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰ ਪਾਲ ਸਿੰਘ ਟੌਹੜਾ, ਜਥੇਦਾਰ ਹਰਬੰਸ ਸਿੰਘ ਲੰਗ ਤੇ ਹੋਰ ਨੇਤਾਵਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਹੋਏ।
ਪਟਿਆਲਾ, 20 ਅਪ੍ਰੈਲ 2019: ਲੰਬੇ ਸਮੇਂ ਬਾਅਦ ਆਖਿਰ ਟੌਹੜਾ ਤੇ ਬਾਦਲ ਪਰਿਵਾਰਾਂ ਦੀ ਪੰਜਾਬ ਦੀ ਰਾਜਨੀਤੀ ਵਿੱਚ ਦੂਜੀ ਵਾਰ ਸਾਂਝ ਪੈ ਗਈ ਹੈ। ਅੱਜ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ, ਉਨ੍ਹਾਂ ਦੀ ਸਪੁੱਤਰੀ ਕੁਲਦੀਪ ਕੌਰ ਟੌਹੜਾ, ਪੌਤਰਾ ਹਰਿੰਦਰ ਪਾਲ ਸਿੰਘ ਟੌਹੜਾ ਆਪਣੇ ਸੈਂਕੜੇ ਸਮੱਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਬੇੜੇ ਵਿੱਚ ਸਵਾਰ ਹੋ ਗਏ ਹਨ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਟੌਹੜਾ ਪਰਿਵਾਰ ਤੇ ਸਮੱਰਥਕਾਂ ਨੂੰ ਜੀਆਇਆਂ ਕਹਿੰਦਿਆਂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਹੁਣ ਆਉਣ ਵਾਲਾ ਭਵਿੱਖ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਕਰੀਬਨ 4 ਵਜੇਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਰਿਹਾਇਸ਼ ਵਿਖੇ ਪੁੱਜੇ, ਜਿੱਥੇ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਟੌਹੜਾ ਪਰਿਵਾਰ ਦੀ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਹੀ ਸਮੁੱਚਾ ਪਰਿਵਾਰ ਤੇ ਸ. ਬਾਦਲ ਨਾਲ ਪੱਤਰਕਾਰਾਂ ਦੇ ਰੂਬਰੂ ਹੋਇਆ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਟੌਹੜਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਇਸ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਪੂਰਾ ਬਣਦਾ ਮਾਣ ਤੇ ਸਤਿਕਾਰ ਮਿਲੇਗਾ। ਉਨ੍ਹਾਂ ਆਖਿਆ ਕਿ ਟੌਹੜਾ ਪਰਿਵਾਰ ਦੀ ਵਾਪਸੀ ਨਾਲ ਸਮੁੱਚੇ ਪੰਜਾਬ ਦੀਆਂ ਸੀਟਾਂ 'ਤੇ ਅਕਾਲੀ ਦਲ ਦੀ ਜਿੱਤ ਤੈਅ ਹੋ ਗਈ ਹੈ ਤੇ ਪਟਿਆਲਾ ਤੋਂ ਪ੍ਰਨੀਤ ਕੌਰ ਹੁਣ ਤੀਸਰੇ ਨੰਬਰ 'ਤੇ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਨੂੰ ਕੋਈ ਵੀ ਮੂੰਹ ਨਹੀਂ ਲੱਗਾ ਰਿਹਾ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲਈ ਅੱਜ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਤੱਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜੋੜੀ ਨੇ ਹੀ ਚਲਾਇਆ ਹੈ ਤੇ ਹੁਣ ਟੌਹੜਾ ਪਰਿਵਾਰ ਦੀ ਅਕਾਲੀ ਦਲ ਵਿੱਚ ਵਾਪਸੀ ਨਾਲ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੋ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਬਰਗਾੜੀ ਮੋਰਚੇ ਵਾਲੇ ਕਾਂਗਰਸ ਦੇ ਏਜੰਟ ਹਨ। ਉਨ੍ਹਾਂ ਆਖਿਆ ਕਿ ਇਹ ਲੋਕ ਸਿਰਫ ਪੈਸੇ ਲਈ ਪੰਜਾਬ ਵਿੱਚ ਕਾਂਗਰਸ ਨਾਲ ਰਲਕੇ ਮਾਹੌਲ ਖਰਾਬ ਕਰ ਰਹੇ ਹਨ। ਸੁਖਬੀਰ ਬਾਦਲ ਨੇ ਆਖਿਆ ਕਿ ਬ੍ਰਹਮਪੁਰਾ ਉਨ੍ਹਾਂ ਦੇ ਪਿਤਾ ਸਮਾਨ ਹਨ ਤੇ ਇਨ੍ਹਾਂ ਸਮੁੱਚੇ ਨੇਤਾਵਾਂ ਨੂੰ ਇੱਕ ਦਿਨ ਅਕਾਲੀ ਦਲ ਵਿੱਚ ਵਾਪਸ ਆਉਣਾ ਹੀ ਪੈਣਾ ਹੈ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਾਡਾ ਮੁਕਾਬਲਾ ਪਟਿਆਲਾ ਵਿੱਚ ਡਾ. ਗਾਂਧੀ ਨਾਲ ਹੈ ਤੇ ਸੁਰਜੀਤ ਸਿੰਘ ਰੱਖੜਾ ਇੱਥੋਂ ਇੱਕ ਲੱਖ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਹੁਣ ਭੱਜਣ ਲਈ ਕੋਈ ਵੀ ਰਾਹ ਨਹੀਂ ਮਿਲ ਰਿਹਾ। ਸੁਖਬੀਰ ਬਾਦਲ ਨੇ ਆਖਿਆ ਕਿ ਕਾਂਗਰਸ ਨੂੰ ਅੱਜ ਤੱਕ ਸਿਟ ਦੇ ਮੈਂਬਰ ਕੰਵਰ ਵਿਜੈ ਪ੍ਰਤਾਪ ਦੀ ਛੁੱਟੀ ਦਾ ਸੇਕ ਲੱਗ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਹਮੇਸ਼ਾ ਹੀ ਪੰਜਾਬ ਵਿੱਚ ਸਾਫ ਸੁੱਥਰੀ ਰਾਜਨੀਤੀ ਕੀਤੀ ਹੈ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਹਲਕਾ ਇੰਚਾਰਜ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬਾਬੂ ਕਬੀਰ ਦਾਸ ਇੰਚਾਰਜ ਹਲਕਾ ਨਾਭਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਜਥੇਦਾਰ ਹਰਬੰਸ ਸਿੰਘ ਲੰਗ, ਜਥੇਦਾਰ ਗੁਰਮੀਤ ਸਿੰਘ ਫਗਣਮਾਜਰਾ, ਵਿਕਰਮ ਚੌਹਾਨ ਸੀਨੀਅਰ ਅਕਾਲੀ ਨੇਤਾ, ਰਣਧੀਰ ਸਿੰਘ ਰੱਖੜਾ ਕੌਮੀ ਪ੍ਰਧਾਨ, ਇੰਦਰਜੀਤ ਸਿੰਘ ਰੱਖੜਾ ਯੂਥ ਦਿਹਾਤੀ ਪ੍ਰਧਾਨ, ਜਥੇਦਾਰ ਜਸਮੇਲ ਸਿੰਘ ਲਾਛੜੂ ਮੈਂਬਰ ਐਸ.ਜੀ.ਪੀ.ਸੀ., ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਸੁਖਦੇਵ ਸਿੰਘ ਪੰਡਤਾਂ ਪੀਏ, ਸੁਖਵਿੰਦਰ ਸਿੰਘ ਬੋਬੀ ਐਡਵੋਕੇਟ, ਹਰਦੇਵ ਸਿੰਘ ਮੈਂਬਰ ਸਾਬਕਾ ਬਲਾਕ ਸੰਮਤੀ, ਜਸਵੀਰ ਸਿੰਘ ਫਗਣਮਾਜਰਾ, ਬਲਵੰਤ ਸਿੰਘ ਬਾਰਨ, ਜਸਵਿੰਦਰ ਸਿੰਘ ਮੋਹਣੀ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਫਗਣਮਾਜਰਾ ਪੰਚ, ਸਤਨਾਮ ਸਿੰਘ ਲਚਕਾਣੀ ਸਾਬਕਾ ਸਰਪੰਚ, ਅਵਤਾਰ ਸਿੰਘ ਲੰਗ, ਹਰਿੰਦਰ ਸਿੰਘ ਹਰਦਾਸਪੁਰ ਸਾਬਕਾ ਸਰਪੰਚ, ਜਸਪਾਲ ਸਿੰਘ ਸਾਬਕਾ ਸਰਪੰਚ, ਧਨਾ ਸਿੰਘ ਸਿਊਣਾ ਸਾਬਕਾ ਸਰਪੰਚ, ਰਿੰਕੂ ਮਰੋੜ ਐਸਓਆਈ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਹਿਰਦਾਪੁਰ, ਬਲਵੀਰ ਸਿੰਘ ਮੈਂਬਰ ਬਲਾਕ ਸੰਮਤੀ ਸਾਬਕਾ ਅਤੇ ਬਹੁਤ ਸਾਰੇ ਨੇਤਾ ਹਾਜਰ ਸਨ।
ਡੱਬੀ
ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਸਮੁੱਚੇ ਪਰਿਵਾਰ ਨੂੰ ਪੂਰਾ ਮਾਣ ਤੇ ਸਤਿਕਾਰ ਦੇਵੇਗਾ ਤੇ ਇਸ ਪਰਿਵਾਰ ਦੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।
ਡੱਬੀ
ਟੌਹੜਾ ਪਰਿਵਾਰ ਦੀ ਵਾਪਸੀ ਦੀ ਸਭ ਤੋਂ ਵੱਡੀ ਖੁਸ਼ੀ ਸ. ਬਾਦਲ ਨੂੰ ਹੋਈ
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਟੌਹੜਾ ਪਰਿਵਾਰ ਨੂੰ ਵਾਪਸ ਲਿਆਉਣ ਦੀ ਸਭ ਤੋਂ ਵੱਧ ਖੁਸ਼ੀ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੋਈ ਹੈ ਤੇ ਉਨ੍ਹਾਂ ਨੇ ਮੈਨੂੰ ਵਿਸ਼ੇਸ਼ ਤੌਰ 'ਤੇ ਫੋਨ ਕਰਕੇ ਇਸ ਲਈ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਨਾਲ ਹੀ ਹਮੇਸ਼ਾ ਤੋਂ ਬਾਦਲ ਟੌਹੜਾ ਦੀ ਜੋੜੀ ਦਾ ਨਾਂਅ ਜੁੜਿਆ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੁਣ ਇਹ ਨਾਮ ਚੱਲਦਾ ਰਹੇਗਾ।
ਡੱਬੀ
ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰੇਗਾ ਟੌਹੜਾ ਪਰਿਵਾਰ: ਹਰਮੇਲ ਟੌਹੜਾ
ਇਸ ਮੌਕੇ ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਪੰਥ ਦੀ ਚੜ੍ਹਦੀਕਲਾ ਲਈ ਟੌਹੜਾ ਪਰਿਵਾਰ ਹੁਣ ਬਾਦਲ ਪਰਿਵਾਰ ਨਾਲ ਮਿਲਕੇ ਕੰਮ ਕਰੇਗਾ। ਉਨ੍ਹਾਂ ਆਖਿਆ ਕਿ ਜੋ ਜੋੜੀ ਬਾਦਲ ਸਾਹਿਬ ਅਤੇ ਜਥੇਦਾਰ ਟੌਹੜਾ ਦੀ ਸੀ, ਹੁਣ ਉਹ ਸੁਖਬੀਰ ਸਿੰਘ ਬਾਦਲ ਨਾਲ ਜੋੜੀ ਬਣਾ ਕੇ ਕੰਮ ਕਰਨਗੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਕੋਈ ਵੀ ਮੰਗ ਨਹੀਂ ਰੱਖੀ, ਸਿਰਫ ਪੰਥ ਦਾ ਭਲਾ ਸੋਚਿਆ ਹੈ।