ਐਬਟਸਫੋਰਡ, 20 ਮਾਰਚ 2019 - ਮਨੁੱਖੀ ਅਧਿਕਾਰਾਂ 'ਤੇ ਪਹਿਰਾ ਦੇਣ ਵਾਲੇ ਉੱਘੇ ਚਿੰਤਕ ਅਤੇ ਸਰਗਰਮ ਕਾਰਕੁੰਨ ਡਾ ਹਰੀ ਸ਼ਰਮਾ ਨੂੰ ਸਮਰਪਿਤ ਸੈਮੀਨਾਰ ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿਸਟਰਡ) ਐਬਟਸਫੋਰਡ ਅਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਵੱਲੋਂ ਵਿਰਾਸਤੀ ਗੁਰਦੁਆਰਾ ਸਾਹਿਬ, ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸਥਿਤ 'ਗਦਰੀ ਬਾਬਿਆਂ ਦੇ ਯਾਦਗਾਰੀ ਹਾਲ' ਵਿਖੇ ਕਰਵਾਇਆ ਗਿਆ, ਜਿਸ ਮੌਕੇ 'ਤੇ ਡਾ. ਹਰੀ ਸ਼ਰਮਾ ਦੇ ਸੰਘਰਸ਼ ਨੂੰ ਚੇਤੇ ਕੀਤਾ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ 'ਚ ਮਸਜਿਦ 'ਤੇ ਨਸਲਵਾਦੀ ਅਤੇ ਅੱਤਵਾਦੀ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਾਵਿ ਰਚਨਾਵਾਂ ਰਾਹੀਂ ਮਹਿਮਾ ਸਿੰਘ ਤੂਰ ਹਲਵਾਰਵੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਜਿੱਥੇ ਡਾ ਹਰੀ ਸ਼ਰਮਾ ਦੀ ਉੱਤਰੀ ਅਮਰੀਕਾ ਸਮੇਤ ਭਾਰਤ ਅੰਦਰ ਵਾਪਰੀਆਂ ਨਸਲਵਾਦੀ ਅਤੇ ਘੱਟ ਗਿਣਤੀ -ਵਿਰੋਧੀ ਘਟਨਾਵਾਂ ਅਤੇ ਵਿਚਾਰਧਾਰਾਵਾਂ ਵਿਰੁੱਧ ਸੰਘਰਸ਼ ਦੀ ਦਾਸਤਾਨ ਬਿਆਨ ਕੀਤੀ, ਉਥੇ ਉਨ੍ਹਾਂ ਵੱਲੋਂ "ਅੰਮ੍ਰਿਤਸਰ, ਅਯੁੱਧਿਆ ਅਤੇ ਅਹਿਮਦਾਬਾਦ" ਦੇ ਆਧਾਰ 'ਤੇ ਦਿੱਤੇ ਨਸਲਕੁਸ਼ੀਆਂ ਬਾਰੇ ਵਿਚਾਰਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।
ਡਾ. ਹਰੀ ਸ਼ਰਮਾ ਤੋਂ ਪ੍ਰੇਰਨਾ ਲੈਣ ਵਾਲੇ ਸੁਨੀਲ ਕੁਮਾਰ ਨੇ ਦੱਸਿਆ ਕਿ ਅੱਜ ਦੇ ਸਮੇਂ 'ਹਰੀ ਭਾਈ' ਦੇ ਆਰੰਭ ਕੀਤੇ ਸੰਘਰਸ਼ ਨੂੰ ਜਾਰੀ ਰੱਖਣ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਰਹੇ ਹਰਿੰਦਰ ਸਿੰਘ ਮਾਹਲ ਨੇ ਸੱਤਰਵਿਆਂ ਤੋਂ ਡਾ.ਹਰੀ ਸ਼ਰਮਾ ਦੀ ਅਗਵਾਈ 'ਚ ਸ਼ੁਰੂ ਹੋਏ ਮਿਹਨਤਕਸ਼ ਅਤੇ ਮਜ਼ਦੂਰ ਵਰਗ ਦੇ ਹੱਕ ਵਿੱਚ ਅਤੇ ਸਮੇਂ -ਸਮੇਂ ਦੀਆਂ ਫਾਸ਼ੀਵਾਦੀ ਸਰਕਾਰਾਂ ਵਿਰੋਧੀ ਸੰਘਰਸ਼ ਨੂੰ ਬਿਆਨਿਆ। ਬੀ.ਸੀ. ਵਿਧਾਨ ਸਭਾ 'ਚ ਸਰੀ ਗਰੀਨ ਟਿੰਬਰ ਤੋਂ ਵਿਧਾਇਕਾ ਰਚਨਾ ਸਿੰਘ ਨੇ ਜਿੱਥੇ ਅੱਜ ਦੇ ਸਮੇਂ ਵਿੱਚ ਹਰੀ ਸ਼ਰਮਾ ਦੀ ਦਲੇਰਾਨਾ ਪਹੁੰਚ ਨੂੰ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ, ਉੱਥੇ ਬੜੀ ਬੇਬਾਕੀ ਅਤੇ ਦ੍ਰਿੜ੍ਹਤਾ ਨਾਲ ਬੀਤੇ ਦਿਨੀਂ ਉਨ੍ਹਾਂ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਵਿਧਾਨ ਸਭਾ ਦੀ ਡਿਪਟੀ ਸਪੀਕਰ ਅਤੇ ਬਰਨਬੀ ਤੋਂ ਵਿਧਾਇਕ ਰਾਜ ਚੌਹਾਨ ਨੇ ਦੱਸਿਆ ਕਿ ਹਰੀ ਸ਼ਰਮਾ ਉਨ੍ਹਾਂ ਦੀ ਪ੍ਰੇਰਨਾ -ਸਰੋਤ ਅਤੇ ਮਾਰਗ- ਦਰਸ਼ਕ ਸਨ, ਜਿਨ੍ਹਾਂ ਤੋਂ ਸੇਧ ਲੈ ਕੇ ਉਨ੍ਹਾਂ ਵਰਗੇ ਅਨੇਕਾਂ ਲੋਕ ਸੰਘਰਸ਼ ਦੇ ਰਾਹ ਵਿੱਚ ਨਿੱਤਰੇ।
ਪੱਤਰਕਾਰ ਅਤੇ ਸਰਗਰਮ ਕਾਰਕੁਨ ਗੁਰਪ੍ਰੀਤ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾ. ਹਰੀ ਸ਼ਰਮਾ ਨੇ ਜਿੱਥੇ ਕਾਂਗਰਸ ਅਤੇ ਬੀਜੇਪੀ ਦੀਆਂ ਘੱਟ- ਗਿਣਤੀ ਵਿਰੋਧੀਆਂ ਨੀਤੀਆਂ ਦੀ ਇੱਕੋ ਪੱਧਰ 'ਤੇ ਜ਼ੋਰਦਾਰ ਵਿਰੋਧਤਾ ਕੀਤੀ, ਉੱਥੇ ਡਾ ਸ਼ਰਮਾ ਦੇ 'ਪੈਰੋਕਾਰ' ਅਖਵਾਉਣ ਵਾਲੇ ਟਰੰਪ ਦੀ ਆਲੋਚਨਾ ਤਾਂ ਕਰਦੇ ਹਨ, ਪਰ ਮੋਦੀ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗ਼ਦਰੀ ਬਾਬਿਆਂ ਦੇ ਯਾਦਗਾਰੀ ਵਿਰਾਸਤੀ ਗੁਰਦੁਆਰੇ ਵਿਖੇ ਡਾ. ਸ਼ਰਮਾ ਦਾ ਸਮਾਗਮ ਹੋਣਾ ਇੱਕ ਵਧੀਆ ਮਿਸਾਲ ਹੈ। ਅਖੀਰ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਨੇ ਸੈਮੀਨਾਰ ਦੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ।
ਸੈਮੀਨਾਰ ਵਿੱਚ 'ਡਾ ਹਰੀਸ਼ ਸ਼ਰਮਾ ਯਾਦਗਾਰੀ ਐਵਾਰਡ' ਨਾਲ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਸੁਰਜੀਤ ਸਿੰਘ ਸਹੋਤਾ, ਬੀਬੀ ਗੁਰਬਚਨ ਕੌਰ ਢਿੱਲੋਂ, ਗੁਰਪ੍ਰੀਤ ਸਿੰਘ ਚਾਹਲ, ਕੈਪਟਨ ਬਲਵੰਤ ਸਿੰਘ ਮਾਨ, ਜਗਰੂਪ ਸਿੰਘ ਗਿੱਲ, ਸਤਵੰਤ ਕੌਰ ਪੰਧੇਰ ਅਤੇ ਬਲਦੇਵ ਸੀਹਰਾ ਤੋਂ ਇਲਾਵਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਹੋਰ ਸਾਹਿਤਕ ਸੰਸਥਾਵਾਂ ਨਾਲ ਸਬੰਧਿਤ ਸਾਹਿਤਕਾਰ ਸ਼ਖਸੀਅਤਾਂ ਮੌਜੂਦ ਸਨ।
ਡਾ.ਹਰੀ ਸ਼ਰਮਾ ਯਾਦਗਾਰੀ ਸੈਮੀਨਾਰ ਮੌਕੇ ਸੰਬੋਧਨ ਕਰਦੇ ਹੋਏ ਬੁਲਾਰੇ ਡਿਪਟੀ ਸਪੀਕਰ ਰਾਜ ਚੌਹਾਨ, ਹਰਿੰਦਰ ਮਾਹਲ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਵਿਧਾਇਕਾ ਰਚਨਾ ਸਿੰਘ, ਸੁਨੀਲ ਕੁਮਾਰ, ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਅਤੇ ਮਹਿਮਾ ਸਿੰਘ ਤੂਰ ਅਤੇ 'ਡਾ. ਹਰੀ ਸ਼ਰਮਾ ਯਾਦਗਾਰੀ ਐਵਾਰਡ' ਨਾਲ ਐੱਮ. ਐੱਲ. ਏ. ਰਚਨਾ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।