ਅਟਾਰੀ, 19 ਫਰਵਰੀ 2019 - ਪੁਲਮਵਾਮਾ ਹਮਲੇ ਤੋਂ ਬਾਅਦ ਭਾਰਤ ’ਚ ਪਾਕਿਸਤਾਨੀ ਵਸਤਾਂ ਦੀ ਦਰਾਮਦ ’ਤੇ ਕਸਟਮ ਵਧਾ ਕੇ 200 ਫ਼ੀਸਦੀ ਕਰ ਦੇਣ ਨਾਲ ਹੁਣ ਅਟਾਰੀ ਬਾਰਡਰ ਰਾਹੀਂ ਹੋਣ ਵਾਲਾ ਭਾਰਤ–ਪਾਕਿਸਤਾਨ ਵਪਾਰ ਬਹੁਤ ਹੀ ਪ੍ਰਭਾਵਿਤ ਹੋ ਗਿਆ ਹੈ ਤੇ ਲਗਭਗ ਖ਼ਤਮ ਹੋਣ ਕਿਨਾਰੇ ਹੈ। ਜਾਣਕਾਰੀ ਮੁਤਾਬਕ ਪਹਿਲਾਂ ਰੋਜ਼ਾਨਾ ਪਾਕਿਸਤਾਨ ਤੋਂ 150 ਤੋਂ 200 ਟਰੱਕ ਵਸਤਾਂ ਦੇ ਲੱਦੇ ਇਸੇ ਸਰਹੱਦ ਰਾਹੀਂ ਭਾਰਤ ਆਇਆ ਕਰਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ ਪੰਜ ਤੋਂ 10 ਟਰੱਕਾਂ ਦੀ ਰਹਿ ਗਈ ਹੈ।
‘ਲੈਂਡ ਪੋਰਟ ਅਥਾਰਟੀਜ਼ ਆਫ਼ ਇੰਡੀਆ’ ਅਨੁਸਾਰ ਮੰਲਵਾਰ ਨੂੰ ਸੁੱਕੀਆਂ ਖਜੂਰਾਂ ਨਾਲ ਲੱਦੇ ਸਿਰਫ਼ ਪੰਜ ਟਰੱਕ ਲੰਘੇ ਹਨ। ਲੰਘੇ ਸੋਮਵਾਰ ਨੂੰ ਵੀ ਸਿਰਫ਼ ਖਜੂਰਾਂ ਦੇ ਹੀ 10 ਟਰੱਕ ਪਾਕਿਸਤਾਨ ਤੋਂ ਭਾਰਤ ਆਏ ਸਨ। ਕਿਉਂਕਿ, ਖਜੂਰਾਂ ਉੱਤੇ ਕੋਈ ਡਿਊਟੀ ਨਹੀਂ ਲੱਗਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿਪਸਮ, ਸੀਮਿੰਟ, ਕੱਚ, ਸੁੱਕੇ ਮੇਵੇ, ਪਲਾਸਟਰ ਆਫ਼ ਪੈਰਿਸ, ਕਾਸਟਿਕ ਸੋਡਾ ਜਿਹੀਆਂ ਵਸਤਾਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਆਉ਼ਦੀਆਂ ਰਹੀਆਂ ਹਨ। ਪਰ ਹੁਣ ਡਿਊਟੀ ਵਧਣ ਤੋਂ ਬਾਅਦ ਪਾਕਿਸਤਾਨੀ ਵਸਤਾਂ ਕਿਉਂਕਿ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ, ਇਸ ਕਾਰਨ ਹੁਣ ਉਨ੍ਹਾਂ ਦਾ ਭਾਰਤ ਵਿੱਚ ਕੋਈ ਖ਼ਰੀਦਦਾਰ ਹੀ ਨਹੀਂ ਰਿਹਾ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਦੋਹਾਂ ਮੁਲਕਾਂ ਵਿਚਕਾਰ ਕਾਰੋਬਾਰ ਬਿਲਕੁਲ ਠੱਪ ਹੋ ਜਾਏਗਾ ਤੇ ਇੱਥੇ ਕੰਮ ਕਰਨ ਵਾਲੇ ਸੈਂਕੜੇ ਕਾਮਿਆਂ, ਕੁਲੀਆਂ ਤੇ ਹੋਰ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਤੇ ਉਨ੍ਹਾਂ ਦੇ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ।