ਨਵਾਂਸ਼ਹਿਰ, 18 ਫ਼ਰਵਰੀ 2019: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਅੱਜ ਸੈਕਟਰ ਅਫ਼ਸਰਾਂ/ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਬੂਥ ਦੀ ਸ਼ਨਾਖ਼ਤ ਦਾ ਕੰਮ ਸ਼ੁੱਕਰਵਾਰ ਤੱਕ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲਤਾ ਨਾਲ ਸਬੰਧਤ ਸਮੁੱਚੇ ਕਾਰਕਾਂ ਦੀ ਤਫ਼ਸੀਲ ਲਾਜ਼ਮੀ ਫ਼ਾਰਮ ਨੰ ਵੀ-1 ਤੋਂ ਵੀ-5 ’ਚ ਦਰਜ ਕਾਲਮਾਂ ਦੀ ਮੰਗ ਮੁਤਾਬਕ ਭਰਨੀ ਯਕੀਨੀ ਬਣਾਈ ਜਾਵੇ।
ਇਹ ਫ਼ਾਰਮ ਐਸ ਡੀ ਐਮ ਦਫ਼ਤਰਾਂ ’ਚ ਹਲਕਾ ਵਾਰ ਜਮ੍ਹਾਂ ਹੋਣਗੇ, ਜਿੱਥੋਂ ਹਲਕਾ ਵਾਰ ਰਿਪੋਰਟ ਬਣੇਗੀ ਅਤੇ ਬਾਅਦ ’ਚ ਜ਼ਿਲ੍ਹਾ ਚੋਣ ਦਫ਼ਤਰ ’ਚੋਂ ਜ਼ਿਲ੍ਹੇ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਸੈਕਟਰ ਅਫ਼ਸਰਾਂ/ਸੁਪਰਵਾਈਜ਼ਰਾਂ ਨੂੰ ਬੂਥਾਂ ਦੀ ਸੰਵੇਦਨਸ਼ੀਲਤਾ ਦੀ ਰਿਪੋਰਟ ਬਹੁਤ ਹੀ ਸਾਵਧਾਨੀ ਨਾਲ ਚੋਣ ਕਮਿਸ਼ਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਤਿਆਰ ਕਰਨ ਲਈ ਆਖਿਆ।
ਮੀਟਿੰਗ ਦੌਰਾਨ ਜ਼ਿਲ੍ਹੇ ’ਚ ਐਨ ਆਰ ਆਈ ਵੋਟਰਾਂ ਦੀ ਰਜਿਸਟ੍ਰੇਸ਼ਨ ਮੁਹਿੰਮ ਦੀ ਅਸਾਧਾਰਨ ਪ੍ਰਗਤੀ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਨੇ ਸਭ ਤੋਂ ਵਧੇਰੇ ਪ੍ਰਗਤੀ ਦਿਖਾਉਣ ਵਾਲੇ ਐਸ ਡੀ ਓ ਪੰਚਾਇਤੀ ਰਾਜ ਰਾਜੇਸ਼ ਵਰਮਾ ਵੱਲੋਂ ਆਪਣੇ ਸੈਕਟਰ ’ਚੋਂ 50 ਵੋਟਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਫ਼ਾਰਮ ਭਰਵਾਏ ਜਾਣ ’ਤੇ, ਸਮੂਹ ਸੈਕਟਰ ਅਫ਼ਸਰਾਂ ਨੂੰ ਉਨ੍ਹਾਂ ਪਾਸੋਂ ਪ੍ਰੇਰਨਾ ਲੈਣ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ’ਚ 488 ਐਨ ਆਰ ਆਈ ਵੋਟਰਾਂ ਦੀ ਸ਼ਨਾਖਤ ਕਰਨ ’ਤੇ ਸਮੂਹ ਸੈਕਟਰ ਅਫ਼ਸਰਾਂ/ਸੁਪਰਵਾਈਜ਼ਰਾਂ ਨੂੰ ਹੋਰ ਮੇਹਨਤ ਕਰਨ ਲਈ ਆਖਿਆ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸੈਕਟਰ ਦੇ ਬੀ ਐਲ ਓ ਐਨ ਆਰ ਆਈ ਵੋਟਰਾਂ ਦੀ ਸ਼ਨਾਖਤ ’ਚ ਢਿੱਲ-ਮੱਠ ਦਿਖਾ ਰਹੇ ਹਨ, ਉਨ੍ਹਾਂ ਦੀ ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕਰਕੇ ਵਿਸ਼ੇਸ਼ ਟ੍ਰੇਨਿੰਗ ਲਾਈ ਜਾਵੇ। ਉਨ੍ਹਾਂ ਕਿਹਾ ਕਿ ਕੇਵਲ 37 ਤੋਂ 488 ਵੋਟਰਾਂ ’ਤੇ ਪੁੱਜਣਾ ਇਸ ਗੱਲ ਦਾ ਸੰਕੇਤ ਹੈ ਕਿ ਜ਼ਿਲ੍ਹੇ ’ਚ ਐਨ ਆਰ ਆਈ ਵੋਟਰਾਂ ਦੀ ਸ਼ਨਾਖ਼ਤ ਸਹੀ ਰਾਹ ’ਤੇ ਚੱਲ ਪਈ ਹੈ।
ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮੌਕੇ ਕਾਰਜਸ਼ੀਲ ਹੋਣ ਵਾਲੀ ‘ਸੀ ਵਿਜਿਲ’ ਐਪ ਦਾ ਹਵਾਲਾ ਦਿੰਦਿਆਂ ਸਮੂਹ ਸੈਕਟਰ ਅਫ਼ਸਰਾਂ ਨੂੰ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪੋ-ਆਪਣੇ ਇਲਾਕਿਆਂ ’ਚ ਇਸ ਦੀ ‘ਮੋਕ ਡਿ੍ਰਲ’ ਕਰਨ ਲਈ ਵੀ ਆਖਿਆ। ਇਸ ਐਪ ’ਤੇ ਆਈ ਕਿਸੇ ਵੀ ਸ਼ਿਕਾਇਤ ’ਤੇ 100 ਮਿੰਟਾਂ ’ਚ ਕਾਰਵਾਈ ਸ਼ੁਰੂ ਹੋਣੀ ਯਕੀਨੀ ਬਣਾਈ ਜਾਣੀ ਹੈ ਜਿਸ ਲਈ ਸੈਕਟਰ ਅਫ਼ਸਰਾਂ ਨੂੰ ਹੁਣ ਤੋਂ ਹੀ ਅਭਿਆਸ ਕਰਨ ਲਈ ਆਖਿਆ ਗਿਆ ਹੈ।
ਮੀਟਿੰਗ ’ਚ ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ ਤੇ ਬਲਾਚੌਰ) ਡਾ. ਵਿਨੀਤ ਕੁਮਾਰ, ਡੀ ਐਸ ਪੀ (ਐਚ) ਕੈਲਾਸ਼ ਚੰਦਰ, ਸੈਕਟਰ ਅਫ਼ਸਰਾਂ ’ਚੋਂ ਡੀ ਡੀ ਪੀ ਓ ਹਰਨੰਦਨ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਆਰ ਕੇ ਵਰਮਾ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਮਰੀਕ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ, ਐਸ ਡੀ ਓ ਲੋਕ ਨਿਰਮਾਣ ਵਿਭਾਗ ਜਸਵੰਤ ਸਿੰਘ ਗਰੇਵਾਲ, ਮੰਡੀ ਬੋਰਡ ਸੁਖਵਿੰਦਰ ਕੁਮਾਰ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਗੋ ਵਿਵੇਕ ਮੋਇਲਾ ਤੇ ਦੀਪਕ ਕੁਮਾਰ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਬੂਥਘ ਦੀ ਸੰਵੇਦਨਸ਼ੀਲਤਾ, ਐਨ ਆਰ ਆਈ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਸੀ ਵਿਜਿਲ ਐਪ ਬਾਰੇ ਸੈਕਟਰ ਅਫ਼ਸਰਾਂ/ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਦੇ ਹੋਏ।