ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਤੇ ਸ. ਕਮਲਦੀਪ ਸਿੰਘ ਸੰਘਾ
ਬਾਬੂਸ਼ਾਹੀ ਬਿਉਰੋ
ਅੰਮ੍ਰਿਤਸਰ, 17 ਫਰਵਰੀ -ਪੰਜਾਬ ਸਰਕਾਰ ਵੱਲੋਂ ਕੀਤੇ ਤਬਾਦਲਿਆਂ ਅਨੁਸਾਰ ਬੀਤੇ ਦਿਨੀਂ ਨਿਯੁੱਕਤ ਹੋਏ ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਉਹ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਸਨ। ਸ. ਢਿਲੋਂ ਨੇ ਅੱਜ ਮੌਜੂਦਾ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲਿਆ। ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕਰਨ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਬਾਰੇ ਸੰਖੇਪ ਜਾਣਕਾਰੀ ਲਈ। ਦੋਵਾਂ ਜਿਲ੍ਹਾ ਅਧਿਕਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਅਤੇ ਇੰਚਰਾਜ ਪਬਲੀਸਿਟੀ ਸ. ਹਰਿੰਦਰ ਸਿੰਘ ਨੇ ਕਿਤਾਬਾਂ ਦਾ ਸੈਟ ਅਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਉਪਰੰਤ ਸ. ਢਿਲੋਂ ਨੂੰ ਸਰਕਟ ਹਾਊਸ ਵਿਖੇ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਸਾਰੇ ਜਿਲ੍ਹਾ ਅਧਿਕਾਰੀ ਉਨਾਂ ਦੇ ਸਵਾਗਤ ਲਈ ਪਹੁੰਚੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ. ਢਿਲੋਂ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਸਰਕਾਰ ਨੇ ਮੈਨੂੰ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਦਿੱਤਾ ਹੈ ਅਤੇ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੈਂ ਇਸ ਪਵਿਤਰ ਸ਼ਹਿਰ ਲਈ ਤਨਦੇਹੀ ਨਾਲ ਕੰਮ ਕਰ ਸਕਾਂ। ਉਨਾਂ ਕਿਹਾ ਕਿ ਵਿਸ਼ਵ ਭਰ ਦੇ ਸੈਲਾਨੀ ਕੇਂਦਰਾਂ ਦੀ ਸੂਚੀ ਵਿਚੋਂ ਅੰਮ੍ਰਿਤਸਰ ਨੂੰ ਨੰਬਰ ਇਕ ਦਾ ਸਥਾਨ ਮਿਲਿਆ ਹੈ ਅਤੇ ਮੇਰੀ ਕੋਸ਼ਿਸ ਹੋਵੇਗੀ ਕਿ ਇਸ ਸਥਾਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਇੱਥੇ ਆ ਰਹੇ ਸੈਲਾਨੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਟੀਮ ਵਜੋਂ ਕੰਮ ਕੀਤਾ ਜਾਵੇ।
ਇਸ ਮੌਕੇ ਅੰਮ੍ਰਿਤਸਰ ਤੋਂ ਰਿਲੀਵ ਹੋਏ ਸ. ਕਮਲਦੀਪ ਸਿੰਘ ਸੰਘਾ ਨੂੰ ਵੀ ਗਾਰਡ ਆਫ ਆਨਰ ਅਤੇ ਚਾਹ ਪਾਰਟੀ ਦਿੱਤੀ ਗਈ। ਉਨਾਂ ਜਿਲ੍ਹਾ ਵਾਸੀਆਂ, ਅਧਿਕਾਰੀਆਂ ਅਤੇ ਮੀਡੀਏ ਵੱਲੋਂ ਮਿਲੇ ਸਾਥ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਤੇ ਸ੍ਰੀ ਰਵਿੰਦਰ ਸਿੰਘ, ਸੀ. ਈ. ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿੱਤਲ, ਐਸ ਪੀ ਦਿਲਬਾਗ ਸਿੰਘ, ਐਸ ਡੀ ਐਮ ਸ਼੍ਰੀਮਤੀ ਪਲਵੀ ਚੌਧਰੀ, ਐਸ ਡੀ ਐਮ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਿਵਲ ਸਰਜਨ ਸ. ਹਰਦੀਪ ਸਿੰਘ ਘਈ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।