ਲੁਧਿਆਣਾ, 16 ਫਰਵਰੀ 2019: ‘‘ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਸ਼ਹਿਰ ਲੁਧਿਆਣਾ ਦੇ ਵਿਕਾਸ ’ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਨਗਰ ਨਿਗਮ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਜਿੱਥੇ ਸ਼ਹਿਰ ਦੇ ਵਿਕਾਸ ਲਈ 570 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਉਥੇ ਕਿਹਾ ਕਿ ਅਗਲੇ ਤਿੰਨ ਸਾਲਾਂ ਦੌਰਾਨ ਸ਼ਹਿਰ ਦੇ ਵਿਕਾਸ ’ਤੇ 4000 ਕਰੋੜ ਰੁਪਏ ਖਰਚੇ ਜਾਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਸੂਬੇ ਦੀ ਹੀ ਨਹੀਂ ਸਗੋਂ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਸ਼ਹਿਰ ਦੇ ਵਿਕਾਸ ਨੂੰ ਕਿਸੇ ਵੀ ਪੱਖੋਂ ਅਣਗੌਲਿਆਂ ਨਹੀਂ ਜਾ ਸਕਦਾ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾਬੱਧੀ ਕੀਤੀ ਗਈ ਹੈ, ਜਿਸ ਤਹਿਤ ਅਗਲੇ ਤਿੰਨ ਸਾਲਾਂ ਦੌਰਾਨ 4000 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ’ਤੇ ਖਰਚੀ ਜਾਵੇਗੀ।
ਉਨ੍ਹਾਂ ਅੱਜ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਸਾਰੇ ਕੰਮ ਪ੍ਰਮੁੱਖਤਾ ਨਾਲ ਨੇਪਰੇ ਚਾੜੇ ਜਾਣਗੇ। ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਚੁ ਹੈਬੋਵਾਲ ਵਿਖੇ 19.50 ਕਰੋੜ ਰੁਪਏ ਦੀ ਲਾਗਤ ਨਾਲ ਮਾਡਰਨ ਸਲਾਟਰ ਹਾਊਸ ਦੀ ਉਸਾਰੀ ਕੀਤੀ ਜਾਵੇਗੀ।
ਚੁ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਲੁਧਿਆਣਾ ਸ਼ਹਿਰ ਦੇ 31.00 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖਰਚੇ ਜਾਣਗੇ।
ਚੁ ਸਮਾਰਟ ਸਿਟੀ ਮਿਸ਼ਨ ਅਧੀਨ 3.10 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਟੂਆਇਲਟਸ ਉਸਾਰੇ ਗਏ ਹਨ।
ਚੁ ਪਿੰਡ ਡਾਬਾ ਵਿਖੇ 2. 50 ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਵੇਗਾ।
ਚੁ ਨਗਰ ਨਿਗਮ, ਲੁਧਿਆਣਾ ਦੁਆਰਾ ਤਕਰੀਬਨ 50.00 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕੰਮ ਮੁਕੰਮਲ ਕਰ ਦਿੱਤੇ ਜਾ ਚੁੱਕੇ ਹਨ ਅਤੇ 98.00 ਕਰੋੜ ਰੁਪਏ ਦੇ ਕੰਮ ਅਲਾਟ ਕਰਨ ਉਪਰੰਤ ਪ੍ਰਗਤੀ ਅਧੀਨ ਹਨ।
ਚੁ ਲੁਧਿਆਣਾ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ 84.00 ਕਰੋੜ ਰੁਪਏ ਦੇ ਕੰਮਾਂ ਦੇ ਟੈਂਡਰ ਨਗਰ ਨਿਗਮ ਦੁਆਰਾ ਲਗਾਏ ਜਾ ਚੁੱਕੇ ਹਨ, ਜੋ ਕਿ ਮਿਤੀ 28 ਫਰਵਰੀ, 2019 ਤੱਕ ਕੰਮ ਅਲਾਟ ਕਰ ਦਿੱਤੇ ਜਾਣਗੇ।
ਚੁ ਨਗਰ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਆਊਟਡੋਰ ਮੀਡੀਆ ਡਿਵਾਸਿਜ਼ ਦਾ ਟੈਂਡਰ ਲਗਭਗ 27 ਕਰੋੜ ਰੁਪਏ ਦਾ ਈ-ਆਕਸ਼ਨ ਵਿਧੀ ਰਾਹੀਂ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ ਹੈ।
ਚੁ ਲੁਧਿਆਣਾ ਸ਼ਹਿਰ ਵਿਚ ਵਧਦੀ ਹੋਈ ਟਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਈ-ਪਾਰਕਿੰਗ ਦਾ ਨਵਾਂ ਤਰੀਕਾ ਲਿਆਂਦਾ ਗਿਆ ਹੈ।ਇਸ ਰਾਹੀਂ ਪਾਰਕਿੰਗ ਵਿਚ ਗੱਡੀਆਂ ਪਾਰਕ ਕਰਨ ਲੱਗੇ ਈ-ਟਿਕਟਿੰਗ ਰਾਹੀਂ ਸਬੰਧਤ ਠੇਕੇਦਾਰ ਨੂੰ ਪਾਰਕਿੰਗ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾਵੇਗੀ।ਇਸ ਨਾਲ ਓਵਰ-ਚਾਰਜਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ।
ਚੁ ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ ਵਾਟਰ ਸਪਲਾਈ ਦੀਆਂ ਲਾਈਨਾਂ ਪਾਉਣ ਅਤੇ ਨਵੇਂ ਟਿਊਬਵੈੱਲ ਲਗਾਉਣ ਸਬੰਧੀ ਪ੍ਰੋਜੈਕਟ, ਜਿਸ ਦੀ ਕੁੱਲ ਲਾਗਤ ਲਗਭਗ 40 ਕਰੋੜ ਰੁਪਏ ਬਣਦੀ ਹੈ, ਤਹਿਤ 230 ਕਿਲੋਮੀਟਰ ਵਾਟਰ ਸਪਲਾਈ ਲਾਈਨ ਅਤੇ 25 ਟਿਊਬਵੈੱਲ ਲਗਾਉਣ ਦਾ ਕੰਮ ਕੀਤਾ ਗਿਆ ਹੈ।
ਚੁ ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ 16 ਨੰਬਰ ਪਾਣੀ ਦੀਆਂ ਟੈਂਕੀਆਂ ਤਕਰੀਬਨ 14 ਕਰੋੜ ਰੁਪੈ ਦੀ ਲਾਗਤ ਨਾਲ ਬਣਾਉਣ ਹਿਤ ਡੀ.ਪੀ.ਆਰ ਪ੍ਰਵਾਨ ਹੋ ਚੁੱਕੀ ਹੈ ਅਤੇ ਇਸ ਕੰਮ ਦੇ ਟੈਂਡਰ ਜਲਦੀ ਹੀ ਲਗਾਇਆ ਜਾ ਰਿਹਾ ਹੈ।
ਚੁ ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ ਤਿੰਨ ਐਸ.ਟੀ.ਪੀਜ਼ (ਜਮਾਲਪੁਰ, ਭੱਟੀਆਂ ਅਤੇ ਬੱਲੋਕੇ) ਦੀ ਰੀਹੈਬਲੀਟੇਸ਼ਨ ਦਾ ਕੰਮ ਲਗਭਗ 19.00 ਕਰੋੜ ਦੀ ਲਾਗਤ ਨਾਲ, 2 ਨੰਬਰ ਈ.ਟੀ.ਪੀ ਪਲਾਟ ਡੈਅਰੀ ਕੰਪਲੈਕਸ ਤਾਜਪੁਰ ਰੋਡ ਵਿਖੇ 5 ਐਮ.ਐਲ.ਡੀ ਅਤੇ ਹੈਬੋਵਾਲ ਵਿਖੇ 10 ਐਮ.ਐਲ.ਡੀ ਕਪੈਸਟੀ ਦੇ ਲਗਭਗ 38 ਕਰੋੜ ਰੁਪੈ ਦੀ ਲਾਗਤ ਨਾਲ, ਜਮਾਲਪੁਰ ਵਿਖੇ ਨਵਾਂ ਐਸ.ਟੀ.ਪੀ. 50 ਐਮਐਲਡੀ ਬਣਾਉਣ ਦਾ ਕੰਮ 55.23 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਬੱਲੋਕੇ ਵਿਖੇ 50 ਐਮਐਲਡੀ ਦਾ ਨਵਾਂ ਐਸਟੀਪੀ 50.73 ਕਰੋੜ ਰੁਪੈ ਦੀ ਲਾਗਤ ਨਾਲ ਬਣਾਉਣ ਹਿੱਤ ਟੈਂਡਰ ਜਲਦੀ ਹੀ ਲਗਾਏ ਜਾ ਰਹੇ ਹਨ।
ਚੁ ਅਮਰੂਤ ਸਕੀਮ ਅਧੀਨ ਲੁਧਿਆਣਾ ਸ਼ਹਿਰ ਵਿਚ 5 ਨਵੇਂ ਪਾਰਕ ਡਿਵੈੱਲਪ ਕਰਨ ਹਿਤ ਡੀ.ਪੀ.ਆਰ ਪ੍ਰਵਾਨ ਹੋ ਚੁੱਕੀ ਹੈ, ਜਿਸ ਦੀ ਕੁੱਲ ਲਾਗਤ ਲਗਭਗ 2.47 ਕਰੋੜ ਬਣਦੀ ਹੈ।ਜਿਹਨਾਂ ਵਿਚੋਂ 3 ਪਾਰਕਾਂ ਦੀ ਡਿਵੈੱਲਪਮੈਂਟ ਦੇ ਟੈਂਡਰ ਪ੍ਰਾਪਤ ਹੋ ਚੁੱਕੇ ਹਨ, ਜੋ ਕਿ ਫਾਈਨਲ ਸਟੇਜ ’ਤੇ ਹਨ ਅਤੇ 2 ਪਾਰਕਾਂ ਦੇ ਟੈਂਡਰ ਲਗਾਏ ਜਾ ਰਹੇ ਹਨ।
ਸਮਾਰਟ ਸਿਟੀ ਅਧੀਨ ਪ੍ਰੋਜੈਕਟਾਂ ਤਹਿਤ ਪ੍ਰਗਤੀ ਅਧੀਨ ਕੰਮ
ਚੁ ਐੱਲ. ਈ. ਡੀ. ਲਾਈਟਸ ਪ੍ਰੋਜੈਕਟ ’ਤੇ ਲਗਭਗ 57.78 ਕਰੋੜ ਦੀ ਲਾਗਤ ਆਵੇਗੀ।ਇਸ ਨਾਲ ਸ਼ਹਿਰ ਵਿੱਚ 115000 ਸਟਰੀਟ ਲਾਈਟਾਂ ਨੂੰ ਬਦਲਿਆ ਜਾ ਰਿਹਾ ਹੈ।ਇਸ ਨਾਲ ਸ਼ਹਿਰ ਵਿਚ ਰਾਤ ਸਮੇਂ ਰੋਸ਼ਨੀ ਦੀ ਉਪਲਬਧਤਾ ਜਿਆਦਾ ਹੋਵੇਗੀ ਅਤੇ ਨਗਰ ਨਿਗਮ ਲੁਧਿਆਣਾ ਦਾ ਲਗਭਗ 60 ਫੀਸਦੀ ਬਿਜਲੀ ਦਾ ਖਰਚਾ ਘੱਟ ਜਾਵੇਗਾ।ਇਨ੍ਹਾਂ ਐਲ.ਈ.ਡੀ ਸਟਰੀਟ ਲਾਈਟਾਂ ਦੀ ਕੁਆਲਿਟੀ ਵੀ ਦੂਜੀਆਂ ਸਟਰੀਟ ਲਾਈਟਾਂ ਨਾਲੋਂ ਵਧੀਆ ਹੋਵੇਗੀ।
ਚੁ ਰੂਫ਼ ਟਾਪ ਸੋਲਰ ਪ੍ਰੋਜੈਕਟ ਤਹਿਤ ਨਗਰ. ਨਿਗਮ ਦੇ ਵੱਖ-ਵੱਖ ਦਫ਼ਤਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਭਗ 2.64 ਕਰੋੜ ਰੁਪੈ ਦੀ ਲਾਗਤ ਨਾਲ ਲਗਾਏ ਗਏ ਹਨ।ਇਸ ਨਾਲ ਨਗਰ ਨਿਗਮ ਲੁਧਿਆਣਾ ਦੇ ਬਿਜਲੀ ਦੇ ਖਰਚੇ ਵਿੱਚ 80 ਪ੍ਰਤੀਸ਼ਤ ਦੀ ਕਟੌਤੀ ਹੋਣ ਦੀ ਆਸ ਹੈ।
ਚੁ ਵੇ-ਫਾਈਡਿੰਗ ਸਾਈਨਿੰਗ ਪ੍ਰੋਜੈਕਟ ਉਪਰ ਲੱਗਭਗ 6.13 ਕਰੋੜ ਰੁਪਏ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਤਹਿਤ ਸ਼ਹਿਰ ਵਿਚ ਵੱਖ-ਵੱਖ ਸੜਕਾਂ ਤੋਂ ਦਾਖਲ ਹੋਣ ਲੱਗੇ ਅਤੇ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਰਸਤਾ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ ਅਤੇ ਸ਼ਹਿਰ ਦੇ ਹੋਰ ਪ੍ਰਮੁੱਖ ਅਦਾਰਿਆਂ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।
ਚੁ ਇੰਟੈਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਪ੍ਰੋਜੈਕਟ ਤਹਿਤ 35 ਲੱਖ ਰੁਪੈ ਦੀ ਲਾਗਤ ਨਾਲ ਸੈਂਟਰ ਦੀ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਪ੍ਰੋਜੈਕਟ ਵਿਚ 60 ਕਰੋੜ ਰੁਪੈ ਦੀ ਲਾਗਤ ਨਾਲ ‘ਇੰਟੈਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ’ ਸਥਾਪਿਤ ਕੀਤਾ ਜਾਵੇਗਾ, ਜਿਸ ਅਧੀਨ ਨਗਰ ਨਿਗਮ ਵਲੋਂ ਵੱਖ-ਵੱਖ ਸੇਵਾਵਾਂ ਸਬੰਧੀ ਓਪਰੇਸ਼ਨ ਅਤੇ ਕੰਟਰੋਲ ਕਰਨ ਦਾ ਪ੍ਰਬੰਧ ਹੋਵੇਗਾ।ਇਸ ਤਰਾਂ ਨਗਰ ਨਿਗਮ ਦੇ ਕੰਮ-ਕਾਜ ਵਿੱਚ ਕਈ ਗੁਣਾ ਸੁਧਾਰ ਆਵੇਗਾ।
ਚੁ ਰੈਟਰੋਫਿਟ ਆਫ਼ ਸਰਾਭਾ ਨਗਰ ਐਂਡ ਮਲਹਾਰ ਰੋਡ ਪ੍ਰੋਜੈਕਟ ’ਤੇ ਲਗਭਗ 38.63 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਨਾਲ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ, ਜਿਵੇਂਕਿ ਪਾਰਕਿੰਗ, ਗਰੀਨ ਏਰੀਆ, ਅੰਡਰਗਰਾਂੳੂਂਡਿੰਗ ਆਫ਼ ਓਵਰਹੈੱਡ ਯੂਟੀਲਿਟੀਜ਼, ਪੈਦਲ ਰਾਹਗੀਰਾਂ ਲਈ ਫਰੀ ਜ਼ੋਨ, ਆਦਿ ਪ੍ਰਾਪਤ ਹੋਣਗੀਆਂ।ਇਸ ਤੋਂ ਇਲਾਵਾ ਸ਼ਹਿਰ ਦੀ ਦਿੱਖ ਵਿਚ ਵੀ ਸੁਧਾਰ ਹੋਵੇਗਾ।
ਚੁ ਸਮਾਰਟ ਕਲਾਸ ਰੂਮ ਪ੍ਰੋਜੈਕਟ ਦੇ ਤਹਿਤ 6.28 ਕਰੋੜ ਰੁਪੈ ਦੀ ਰਾਸ਼ੀ ਨੂੰ ਸਿੱਖਿਆ ਵਿਭਾਗ ਰਾਹੀਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਲਈ ਵਰਤਿਆ ਜਾਵੇਗਾ।
ਚੁ ਪ੍ਰੀ-ਫੈਬਰੀਕੇਟਿਡ ਸਟੇਨਲੈੱਸ ਟਾਇਲਟਸ ਪ੍ਰੋਜੈਕਟ ਤਹਿਤ ਲਗਭਗ 3.10 ਕਰੋੜ ਰੁਪੈ ਦੀ ਲਾਗਤ ਨਾਲ 15 ਨੰਬਰ ਸਟੇਨਲੈੱਸ ਸਟੀਲ ਟੁਆਇਲਿਟ ਲਗਾਏ ਜਾ ਰਹੇ ਹਨ।ਇਸ ਪ੍ਰੋਜੈਕਟ ਅਧੀਨ ਸ਼ਹਿਰ ਦੀ ਸਵੱਛਤਾ ਅਤੇ ਸਵੱਛ ਭਾਰਤ ਮਿਸ਼ਨ ਦਾ ਟੀਚਾ ਪ੍ਰਾਪਤ ਕਰਨ ਵਿਚ ਕਾਫੀ ਸੁਧਾਰ ਹੋਵੇਗਾ।
ਸਮਾਰਟ ਸਿਟੀ ਅਧੀਨ ਪ੍ਰੋਜੈਕਟਸ ਜਿਨ੍ਹਾਂ ਦੇ ਟੈਂਡਰ ਪ੍ਰਗਤੀ ਅਧੀਨ ਹਨ
ਚੁ 39.30 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ ਕਰਕੇ ਪੁਰਾਣੇ ਸੀਵਰ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਵੇਗਾ।
ਚੁ ਸਟੌਰਮ ਵਾਟਰ ਡਰੇਨੇਜ਼ ਸਿਸਟਮ ਦੀ ਅਪਗ੍ਰੇਡੇਸ਼ਨ ਪ੍ਰੋਜੈਕਟ ’ਤੇ ਲਗਭਗ 22.59 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਪ੍ਰੋਜੈਕਟ ਰਾਹੀਂ ਸ਼ਹਿਰ ਵਿਚ ਵਾਟਰ ਲੋਗਿੰਗ ਦੀ ਸਮੱਸਿਆ ਨੂੰ ਨਜਿੱਠਣ ਵਾਸਤੇ ਸਟੋਰਮ ਵਾਟਰ ਡਰੇਨੇਜ ਸਿਸਟਮ ਪਾਉਣ ਦਾ ਉਪਬੰਧ ਕੀਤਾ ਗਿਆ ਹੈ।
ਸਮਾਰਟ ਸਿਟੀ ਅਧੀਨ ਜੋ ਪ੍ਰੋਜੈਕਟਾਂ ਦੇ ਟੈਂਡਰ ਕਾਲ ਕਰਨ ਦੀ ਕਾਰਵਾਈ ਚੱਲ ਰਹੀ ਹੈ
ਚੁ ਪੱਖੋਵਾਲ ਰੋਡ ਵਿਖੇ ਰੇਲਵੇ ਓਵਰਬਿ੍ਰਜ ਦੀ ਉਸਾਰੀ ਕੀਤੀ ਜਾਵੇਗੀ ਜਿਸ ’ਤੇ ਲਗਭਗ 73.00 ਕਰੋੜ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ ਅੰਦਰੂਨੀ ਇਲਾਕੇ ਵਿਚ ਆਵਾਜਾਈ ਦੀ ਸਮੱਸਿਆ ਤੋਂ ਭਾਰੀ ਰਾਹਤ ਮਿਲੇਗੀ।
ਚੁ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਪ੍ਰੋਜੈਕਟ ’ਤੇ ਤਕਰੀਬਨ 7.99 ਕਰੋੜ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਰਾਹੀਂ ਮਰੇ ਹੋਏ ਜਾਨਵਰਾਂ ਤੋਂ ਫੈਲੀ ਗੰਦਗੀ/ਦੂਸ਼ਿਤ ਹਵਾ ਤੋਂ ਨਿਜ਼ਾਤ ਮਿਲੇਗੀ ਅਤੇ ਸੈਨੀਟੇਸ਼ਨ ਵਿਚ ਸੁਧਾਰ ਕੀਤਾ ਜਾਵੇਗਾ।
ਚੁ ਘੁਮਾਰ ਮੰਡੀ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਪ੍ਰੋਜੈਕਟ ’ਤੇ ਤਕਰੀਬਨ 23.25 ਕਰੋੜ ਰੁਪੈ ਦਾ ਖਰਚਾ ਆਵੇਗਾ। ਇਸ ਪ੍ਰੋਜੈਕਟ ਤਹਿਤ ਘੁਮਾਰ ਮੰਡੀ ਏਰੀਏ ਵਿਚ ਟਰੈਫਿਕ ਸਬੰਧੀ ਆ ਰਹੀ ਮੁਸ਼ਕਿਲਾਂ ਤੋਂ ਨਿਜ਼ਾਤ ਮਿਲੇਗੀ ਅਤੇ ਇਸ ਸਾਰੀ ਮਾਰਕਿਟ ਨੂੰ ਪੈਦਲ ਯਾਤਰੀਆਂ ਅਤੇ ਸਾਈਕਲ ਫਰੈਂਡਲੀ ਬਣਾਉਣ ਦਾ ਉਪਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਘੁਮਾਰ ਮੰਡੀ ਦੀ ਅੰਡਰਗਰਾਂੳੂਡ ਪਾਰਕਿੰਗ ਪ੍ਰੋਜੈਕਟ ’ਤੇ ਤਕਰੀਬਨ 31.67 ਕਰੋੜ ਰੁਪੈ ਦਾ ਖਰਚਾ ਆਵੇਗਾ।
ਚੁ 2.78 ਕਰੋੜ ਰੁਪੈ ਦੀ ਲਾਗਤ ਨਾਲ ਬਾਗਬਾਨੀ ਨਾਲ ਸਬੰਧਤ ਕੁਦਰਤੀ ਵੇਸਟ ਨੂੰ ਰੀਸਾਈਕਲ ਕਰਨ ਵਿਚ ਸਹਾਇਤਾ ਮਿਲੇਗੀ।
ਚੁ ਸ਼ਹਿਰ ਦੀ ਸਾਹਰਗ ਸਿੱਧਵਾਂ ਨਹਿਰ ਦੇ ਸੁੰਦਰੀਕਰਨ ਪ੍ਰੋਜੈਕਟ ’ਤੇ ਤਕਰੀਬਨ 3.77 ਕਰੋੜ ਰੁਪੈ ਦਾ ਖਰਚਾ ਆਵੇਗਾ।ਇਸ ਪ੍ਰੋਜੈਕਟ ਅਧੀਨ ਸਿੱਧਵਾਂ ਨਹਿਰ ਦੇ ਨਾਲ ਲੱਗਦੀ ਖਾਲ੍ਹੀ ਜਗ੍ਹਾ ਨੂੰ ਆਮ ਜਨਤਾ ਲਈ ਸੈਰਗਾਹ ਅਤੇ ਹੋਰ ਗਤੀਵਿਧੀਆਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਸ ਦਿਸ਼ਾ ਵਿੱਚ ਉਠਾਏ ਗਏ ਹਾਂ-ਪੱਖੀ ਕਦਮਾਂ ਦੀ ਬਦੌਲਤ ਨਗਰ ਨਿਗਮ ਲੁਧਿਆਣਾ ਸਮੇਤ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਸਥਾਨਕ ਇਕਾਈਆਂ ਦੀ ਇਨਕਮ ਵਿੱਚ ਵਾਧਾ ਦਰਜ ਕਰਨ ਦਾ ਟੀਚਾ ਹੈ।
ਪੁਲਵਾਮਾ ਖੇਤਰ ਵਿੱਚ ਅੱਤਵਾਦੀ ਸੰਗਠਨ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਇਹ ਕਾਰਾ ਉਨ੍ਹਾਂ ਮੁੱਠੀ ਭਰ ਲੋਕਾਂ ਵੱਲੋਂ ਕੀਤਾ ਗਿਆ ਹੈ, ਜੋ ਕਿ ਦੋਵੇਂ ਦੇਸ਼ਾਂ ਵਿੱਚ ਆਪਸੀ ਦੋਸਤੀ ਅਤੇ ਅਮਨ ਨੂੰ ਪਸੰਦ ਨਹੀਂ ਕਰਦੇ। ਅੱਤਵਾਦੀਆਂ ਦਾ ਕੋਈ ਧਰਮ, ਮਜ਼ਹਬ ਅਤੇ ਦੇਸ਼ ਨਹੀਂ ਹੰੁਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਕੁ ਲੋਕਾਂ ਦੀਆਂ ਅਸ਼ਾਂਤੀ ਵਾਲੀਆਂ ਸਰਗਰਮੀਆਂ ਕਾਰਨ ਦੋਵਾਂ ਦੇਸ਼ਾਂ ਦਾ ਵਿਕਾਸ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਨੂੰ ਹਰ ਹੀਲੇ ਕੁਚਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਭਾਰਤ ਦੇਸ਼ ਨੂੰ ਹਮੇਸ਼ਾਂ ਪ੍ਰਮੁੱਖਤਾ ਦਿੱਤੀ ਜਾਂਦੀ ਰਹੇਗੀ। ਇਸ ਮੌਕੇ ਸਮੂਹ ਹਾਜ਼ਰੀਨ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਡਾਬਰ, ਸ੍ਰੀ ਸੰਜੀਵ ਤਲਵਾੜ (ਤਿੰਨੇ ਵਿਧਾਇਕ), ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ, ਵਿਭਾਗ ਦੇ ਡਾਇਰੈਕਟਰ ਸ੍ਰੀ ਕਰੁਨੇਸ਼ ਸ਼ਰਮਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਸ੍ਰੀਮਤੀ ਜਸ਼ਨ ਕੌਰ ਗਿੱਲ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕੌਂਸਲਰ ਅਤੇ ਸ਼ਹਿਰਵਾਸੀ ਹਾਜ਼ਰ ਸਨ।