ਮੋਗਾ/16 ਫਰਵਰੀ 2019: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜੈਮਲ ਸਿੰਘ ਦੇ ਅੱਜ ਘਰ ਗਏ ਅਤੇ ਉਹਨਾਂ ਨੇ ਇਸ ਹਾਦਸੇ ਉੱਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ।
ਇਸ ਮੌਕੇ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਵੀ ਹਾਜ਼ਿਰ ਸਨ। ਸਰਦਾਰ ਬਾਦਲ ਨੇ ਕਿਹਾ ਕਿ ਜੈਮਲ ਸਿੰਘ ਨੂੰ ਆਪਣੀ ਮਾਂ-ਭੂਮੀ ਵਾਸਤੇ ਬਲੀਦਾਨ ਦੇਣ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹਨਾਂ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੈਮਲ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ, ਪਾਕਿਸਤਾਨ ਨੂੰ ਭਾਰਤ ਅੰਦਰ ਅੱਤਵਾਦ ਫੈਲਾਉਣ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।
ਬਾਅਦ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਘਲੌਟੀ ਪਿੰਡ ਜਾ ਕੇ ਸ਼ਹੀਦ ਦੀਆਂ ਅੰਤਿਮ ਰਸਮਾਂ ਵਿਚ ਭਾਗ ਲਿਆ। ਜੈਮਲ ਦੀ ਮਾਤਾ ਅਤੇ ਪਤਨੀ ਨੂੰ ਮਿਲਣ ਮਗਰੋਂ ਭਾਵੁਕ ਹੋਏ ਬੀਬੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਨੂੰ ਦੋਗਲੀ ਬੋਲੀ ਨਹੀਂ ਬੋਲਣ ਦਿੱਤੀ ਜਾਵੇਗੀ। ਅਸੀਂ ਇਹ ਸਥਿਤੀ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਕਿ ਪਾਕਿਸਤਾਨ ਇੱਕ ਪਾਸੇ ਸ਼ਾਂਤੀ ਦੀਆਂ ਗੱਲਾਂ ਕਰੇ ਅਤੇ ਦੂਜੇ ਪਾਸੇ ਸਾਡੇ ਬਹਾਦਰ ਫੌਜੀ ਜਵਾਨਾਂ ਦਾ ਕਤਲੇਆਮ ਕਰਵਾਉਂਦਾ ਰਹੇ।
ਬੀਬੀ ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੀਆਂ ਅੰਤਿਮ ਰਸਮਾਂ ਕਰਵਾਉਣ ਲਈ ਕਿਸੇ ਵੀ ਮੰਤਰੀ ਨੂੰ ਨਹੀਂ ਭੇਜਿਆ।ਉਹਨਾਂ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਸ਼ਹੀਦਾਂ ਦਾ ਕਿਸੇ ਵੀ ਢੰਗ ਨਾਲ ਨਿਰਾਦਰ ਨਹੀਂ ਕੀਤਾ ਜਾਵੇਗਾ।