ਜੀ ਐਸ ਪੰਨੂ
ਪਟਿਆਲਾ, 4 ਫਰਵਰੀ 2019 : ਪਟਿਆਲਾ ਪੁਲਿਸ ਨੇ ਰਣਜੀਤ ਨਗਰ ਵਾਸੀ ਇੰਦਰਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਿਰੁੱਧ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਕੇਸ ਦਰਜ ਕੀਤਾ ਹੈ। ਇਸ ਵਿਅਕਤੀ ਨੇ ਆਪਣਾ ਘਰ ਕਿਰਾਏ 'ਤੇ ਦੇਣ ਸਮੇਂ ਕਿਰਾਏਦਾਰਾਂ ਦੀ ਸੂਚਨਾ ਸਬੰਧਤ ਪੁਲਿਸ ਥਾਣੇ ਨੂੰ ਦੇਣ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਸੀ ਕੀਤੀ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਦਰਜੀਤ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਤਹਿਤ ਮੁਕਦਮਾ ਨੰਬਰ 20 ਥਾਣਾ ਤ੍ਰਿਪੜੀ ਵਿਖੇ ਦਰਜ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਕਿਰਾਏ 'ਤੇ ਦਿੱਤੇ ਮਕਾਨ ਵਿੱਚ ਨੌਜਵਾਨ ਵਿਦਿਆਰਥੀ ਕਿਰਾਏ 'ਤੇ ਪੀ.ਜੀ. ਵਜੋਂ ਰਹਿ ਰਹੇ ਸਨ ਅਤੇ ਇੱਥੋਂ ਹੀ 2 ਫਰਵਰੀ ਨੂੰ ਪਟਿਆਲਾ ਪੁਲਿਸ ਨੇ ਮੁਠਭੇੜ ਮਗਰੋਂ ਦੋ ਗੈਂਗਸਟਰ ਕਾਬੂ ਕੀਤੇ ਸਨ ਜਦੋਂਕਿ 3 ਗੈਂਗਸਟਰ ਫਰਾਰ ਹੋਣ 'ਚ ਕਾਮਯਾਬ ਹੋ ਗਏ ਸਨ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐਸ.ਐਸ.ਪੀ. ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਕਿਰਾਏ 'ਤੇ ਦੇਣ ਸਮੇਂ ਕਿਰਾਏਦਾਰਾਂ ਦੀ ਪੂਰੀ ਪੜਤਾਲ ਕਰ ਲੈਣ ਅਤੇ ਇਨ੍ਹਾਂ ਦੀ ਸੂਚਨਾ ਸਬੰਧਤ ਪੁਲਿਸ ਥਾਣੇ ਨੂੰ ਜਰੂਰ ਦੇਣ, ਕਿਉਂਕਿ ਅਜਿਹਾ ਨਾ ਕੀਤੇ ਜਾਣ ਕਰਕੇ ਜਰਾਇਮ ਪੇਸ਼ਾ ਵਿਅਕਤੀ ਇਸ ਦਾ ਨਾਜ਼ਾਇਬ ਫਾਇਦਾ ਉਠਾਉਂਦੇ ਹਨ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਪੁਲਿਸ ਵੱਲੋਂ ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ, ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਪੱਤੀ ਸਮਾਣਾ, ਅੰਕੁਰ ਸਿੰਘ ਉਰਫ ਮਨੀ ਪੁੱਤਰ ਸਤਵੀਰ ਸਿੰਘ ਅਤੇ ਪ੍ਰਸ਼ਾਤ ਹਿੰਦਰਾਵ ਉਰਫ ਛੋਟੂ ਪੁੱਤਰ ਰਜਿੰਦਰ ਸਿੰਘ ਵਾਸੀਆਨ ਹੱਸੂਪੁਰ ਥਾਣਾ ਸੀਵਨ ਜਿਲਾ ਹਾਪੁੜ (ਯੂ.ਪੀ.) ਨੂੰ ਅਦਾਲਤ 'ਚ ਪੇਸ਼ ਕਰਕੇ 8 ਫਰਵਰੀ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਕੀਤੀ ਜਾਣ ਵਾਲੀ ਪੁਛਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।