ਨਵਾਂ ਸ਼ਹਿਰ, 19 ਜਨਵਰੀ,2019: ਕਲ੍ਹ ਸ਼ਾਮ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ’ਚ ਚੰਡੀਗੜ੍ਹ ਚੌਂਕ ’ਚ ਲੱਗਦੇ ਟ੍ਰੈਫ਼ਿਕ ਜਾਮ ਦੀ ਸਮੱਸਿਆ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਦੀਪਕ ਹਿਲੋਰੀ ਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਸੜ੍ਹਕ ’ਤੇ ਉਤਰੇ। ਉਨ੍ਹਾਂ ਰਾਜਾ ਹਸਪਤਾਲ ਤੋਂ ਚੰਡੌਗੜ੍ਹ ਚੌਂਕ, ਚੰਡੀਗੜ੍ਹ ਚੌਂਕ ਤੋਂ ਅੰਬੇਦਕਾਰ ਚੌਂਕ ਤੇ ਅੰਬੇਦਕਾਰ ਚੌਂਕ ਤੋਂ ਚੰਡੀਗੜ੍ਹ ਚੌਂਕ ਤੱਕ ਸਾਰੇ ਅਧਿਕਾਰੀਆਂ ਨਾਲ ਪੈਦਲ ਚੱਲ ਕੇ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੀ ਇੱਕ-ਇੱਕ ਮੁਸ਼ਕਿਲ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨਾਲ ਮੌਕੇ ’ਤੇ ਹੀ ਇਸ ਦੇ ਹੱਲ ਸਬੰਧੀ ਵਿਚਾਰ ਕੀਤੀ। ਇਸ ਤੋਂ ਬਾਅਦ ਅੱਜ ਪਹਿਲ ਦੇ ਆਧਾਰ ’ਤੇ ਅੰਬੇਦਕਰ ਚੌਂਕ ਤੋਂ ਚੰਡੀਗੜ੍ਹ ਰੋਡ ਤੇ ਰਾਹੋਂ ਲੁਧਿਆਣਾ ਰੋਡ ਰੂਟਾਂ ਨੂੰ ਜਾਂਦੀ ਸੜ੍ਹਕ ’ਤੇ ਵੱਖਰੀ ਲੇਨ ਨੂੰ ਆਰਜ਼ੀ ਤੌਰ ’ਤੇ ਅੱਜ ਹੀ ਲਾਗੂ ਕਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਬਬਲਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਤਰਜੀਹ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ’ਚ ਲਗਦੇ ਟ੍ਰੈਫ਼ਿਕ ਜਾਮ ਨੂੰ ਖਤਮ ਕਰਵਾਉਣ ਦੀ ਹੈ, ਕਿਉਂ ਜੋ ਟ੍ਰੈਫ਼ਿਕ ਜਾਮ ਦੀ ਵਜ੍ਹਾ ਕਾਰਨ ਆਮ ਲੋਕਾਂ ਖਾਸ ਕਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਤੇ ਹੋਰ ਗੱਡੀਆਂ ਨੂੰ ਵੱਡੀ ਖੱਜਲ-ਖੁਆਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਅੱਜ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਤੇ ਇਸ ਰਸਤੇ ’ਤੇ ਪੈਂਦੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਜੋ ਇਸ ਦਾ ਸਥਾਈ ਹੱਲ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਜਾਮ ’ਚ ਵੱਡੀ ਸਮੱਸਿਆ ਬੱਸਾਂ ਦੇ ਰਸਤੇ ’ਚ ਰੁਕ ਕੇ ਸਵਾਰੀਆਂ ਉਤਾਰਨਾ ਤੇ ਚੜ੍ਹਾਉਣਾ, ਚੰਡੀਗੜ੍ਹ ਚੌਂਕ ਤੋਂ ਰਾਹੋਂ-ਲੁਧਿਆਣਾ ਰੋਡ/ ਬੰਗਾ-ਜਲੰਧਰ ਰੋਡ ਜਾਂ ਰਾਹੋਂ ਰੋਡ ਤੋਂ ਬੰਗਾ-ਜਲੰਧਰ ਰੋਡ/ਚੰਡੀਗੜ੍ਹ ਰੋਡ ਅਤੇ ਜਲੰਧਰ-ਬੰਗਾ ਰੋਡ ਤੋਂ ਮੁੜਨ ਮੌਕੇ ਵੱਖਰੀਆਂ ਲੇਨਾਂ ਨਾ ਹੋਣ ਕਾਰਨ ਬਣ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਚੌਂਕ ਤੋਂ ਅੰਬੇਦਕਰ ਚੌਂਕ ਤੇ ਅੰਬੇਦਕਰ ਚੌਂਕ ਤੋਂ ਚੰਡੀਗੜ੍ਹ ਚੌਂਕ ਤੱਕ ਆਉਂਦੇ ਰਸਤਿਆਂ ’ਤੇ ਹੁੰਦੀ ਗਲਤ ਪਾਰਕਿੰਗ ਵੀ ਟ੍ਰੈਫ਼ਿਕ ਸਮੱਸਿਆ ਨੂੰ ਗੰਭੀਰ ਕਰਨ ’ਚ ਯੋਗਦਾਨ ਦੇ ਰਹੀ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਉਨ੍ਹਾਂ ਵੱਲੋਂ ਅੱਜ ਸੜ੍ਹਕੀ ਮੁਆਇਨੇ ਬਾਅਦ ਆਰਜ਼ੀ ਤੌਰ ’ਤੇ ਟ੍ਰੈਫ਼ਿਕ ’ਚ ਸੁਧਾਰ ਦੇ ਕੁੱਝ ਕਦਮ ਚੁੱਕਣ ਦੀ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਜੋ ਕਿ ਸੋਮਵਾਰ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ। ਇਨ੍ਹਾਂ ਸੁਧਾਰਾਂ ਦਾ ਤਜਰਬਾ ਸਫ਼ਲ ਹੋਣ ਬਾਅਦ, ਇਨ੍ਹਾਂ ਨੂੰ ਸਥਾਈ ਕਰਨ ਵੱਲ ਕਦਮ ਵਧਾਇਆ ਜਾਵੇਗਾ।
ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਟ੍ਰੈਫ਼ਿਕ ਦੀ ਇਸ ਗੰਭੀਰ ਸਮੱਸਿਆ ਦੇ ਹੱਲ ’ਚ ਆਪਣਾ ਪੂਰਣ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਬੱਸ ਲੈਣ ਲਈ ਲੋਕਾਂ ਨੂੰ ਬੱਸ ਸਟੈਂਡ ’ਤੇ ਹੀ ਜਾਣ ਲਈ ਆਖਿਆ ਹੈ। ਇਸੇ ਤਰ੍ਹਾਂ ਸਮੂਹ ਬੱਸ ਚਾਲਕਾਂ ਨੂੰ ਬੱਸਾਂ ’ਚੋਂ ਸੁਆਰੀਆਂ ਸੜ੍ਹਕ ’ਤੇ ਨਾ ਉਤਾਰ ਕੇ ਕੇਵਲ ਬੱਸ ਸਟੈਂਡ ’ਤੇ ਹੀ ਉਤਾਰਨ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਲਾਗੂ ਹੋਣ ਵਾਲੇ ਆਰਜ਼ੀ ਪ੍ਰਬੰਧਾਂ ’ਚੋਂ ਕੁੱਝ ਇੱਕ ਅੱਜ ਹੀ ਲਾਗੂ ਕਰ ਦਿੱਤੇ ਗਏ ਹਨ ਜਿਸ ਤਹਿਤ ਅੰਬੇਦਕਰ ਚੌਂਕ ਤੋਂ ਰਾਹੋਂ ਰੋਡ ਤੇ ਚੰਡੀਗੜ੍ਹ ਰੋਡ ਲਈ ਚੰਡੀਗੜ੍ਹ ਚੌਂਕ ’ਚ ਵੱਖਰੀ ਲੇਨ ਬਣਾ ਕੇ ਟ੍ਰੈਫ਼ਿਕ ਨੂੰ ਰੈਗੂਲਰ ਕਰਨ ਦਾ ਤਜਰਬਾ ਕੀਤਾ ਗਿਆ ਹੈ।
ਇਸ ਮੌਕੇ ਐਸ ਪੀ (ਐਚ) ਹਰੀਸ਼ ਦਿਆਮਾ, ਡੀ ਐਸ ਪੀ ਨਵਾਂਸ਼ਹਿਰ ਮੁਖਤਿਆਰ ਰਾਏ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜਸਬੀਰ ਸਿੰਘ ਜੱਸੀ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਹੋਰ ਅਧਿਕਾਰੀ ਮੌਜੂਦ ਸਨ।