ਚੰਡੀਗੜ੍ਹ,11 ਜਨਵਰੀ 2019 - ਪੱਤਰਕਾਰ ਛੱਤਰਪਤੀ ਕਤਲ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਖਿਲਾਫ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਫੈਸਲਾ ਸੁਣਾ ਸਕਦੀ ਹੈ। ਭਾਵੇਂ ਰਾਮ ਰਹੀਮ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਪੇਸ਼ੀ ਹੋਵੇਗੀ। ਪਰ ਫਿਰ ਵੀ ਪੰਜਾਬ ਹਰਿਆਣਾ ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਦੋਹਾਂ ਸੂਬਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੁਲਾ ਵਿੱਚ ਕੇਸ ਦੀ ਸੁਣਵਾਈ ਹੋਣ ਕਾਰਨ,ਦੋਹੇਂ ਸ਼ਹਿਰ ਸੰਵੇਦਨਸ਼ੀਲ ਨੇ। ਸਿਰਸਾ ਵਿੱਚ ਧਾਰਾ 144 ਲਗਾਈ ਗਈ ਹੈ। ਇੱਥੇ ਪੁਲਿਸ ਨੇ ਫਲੈਗ ਮਾਰਚ ਵੀ ਕੱਢਿਆ ਅਤੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਨਾਕੇਬੰਦੀ ਕੀਤੀ ਗਈ ਹੈ।
ਸਿਰਸਾ ਵਿੱਚ ਹਰਿਆਣਾ ਪੁਲਿਸ ਦੀਆਂ 12 ਕੰਪਨੀਆਂ ਸੱਦੀਆਂ ਗਈਆਂ ਹਨ। ਉਧਰ ਪੰਜਾਬ ਦੇ ਬਠਿੰਡਾ ਵਿੱਚ ਪੈਂਦਾ ਸਲਾਬਤਪੁਰਾ ਵੀ ਸੰਵੇਦਨਸ਼ੀਲ ਹੈ। ਬਠਿੰਡਾ ਵਿੱਚ ਪੰਜਾਬ ਪੁਲਿਸ ਦੀਆਂ 15 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।
ਸਾਲ 2017 ਵਿੱਚ ਜਦੋਂ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸੋਸ਼ਣ ਕੇਸ ਵਿੱਚ ਸਜ਼ਾ ਸੁਣਾਈ ਤਾਂ ਕਾਫ਼ੀ ਹਿੰਸਾ ਭੜਕ ਗਈ ਸੀ। ਇਸ ਵਾਰ ਅਜਿਹੇ ਹਾਲਾਤ ਨਾ ਬਣਨ , ਇਸ ਲਈ ਸਾਵਧਾਨੀ ਵਰਤੀ ਜਾ ਰਹੀ ਹੈ।
ਕੀ ਸੀ ਮਾਮਲਾ ?
ਮਾਮਲਾ 2002 ਦਾ ਹੈ ਜਦੋਂ ਡੇਰੇ ਦੇ ਕਾਰਕੁਨਾਂ ਵੱਲੋਂ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦਾ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਡੇਰਾ ਮੁਖੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਸੀਬੀਆਈ ਦੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ।