ਅੰਮ੍ਰਿਤਸਰ, 15 ਦਸੰਬਰ 2018 - ਸ਼ੁੱਕਰਵਾਰ ਦੀ ਰਾਤ ਕੋਟ ਖਾਲਸਾ (ਅੰਮ੍ਰਿਤਸਰ) ਖੇਤਰ ਦੇ ਸੁੰਦਰ ਨਗਰ `ਚ ਇਕ 30 ਸਾਲਾ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਬਿੱਲਾ ਵਜੋਂ ਹੋਈ ਹੈ, ਜੋ ਅੰਮ੍ਰਿਤਸਰ `ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਕੁਝ ਅਣਪਛਾਤਿਆਂ ਨੇ ਪ੍ਰਾਪਰਟੀ ਡੀਲਰ ਦੇ ਘਰ ਪਹੁੰਚ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਮ੍ਰਿਤਕ ਦੀ ਪਤਨੀ ਨਵਨੀਤ ਕੌਰ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦਾ ਪਤੀ ਕਿਸੇ ਕੰਮ ਲਈ ਬਜ਼ਾਰ ਗਿਆ ਸੀ ਅਤੇ ਕਰੀਬ 9.30 ਵਜੇ ਘਰ ਵਾਪਸ ਆਏ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਦੋ ਅਣਪਛਾਤੇ ਵਿਅਕਤੀ ਸਾਡੇ ਘਰ ਦੇ ਸਾਹਮਣੇ ਆਏ। ਉਸ ਨੇ ਦੱਸਿਆ ਕਿ ਵਿਅਕਤੀਆਂ ਨੇ ਮੇਰੇ ਪਤੀ ਨੂੰ ਬਾਹਰ ਬੁਲਾਇਆ। ਜਿਥੇ ਦੋ ਅਣਪਛਾਤਿਆਂ ਨੇ ਮੋਟਰਸਾਈਕਲ 'ਤੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਬਿੱਲਾ ਦਾ ਕਤਲ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੋ ਸਕਦਾ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਟ ਖਾਲਸਾ ਪੁਲਿਸ ਥਾਣੇ `ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।