ਨਵਾਂ ਸ਼ਹਿਰ, 11 ਦਸੰਬਰ 2018: ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਪੰਚਾਇਤੀ ਚੋਣਾਂ ਸਬੰਧੀ ਕੀਤੇ ਐਲਾਨ ਮੁਤਾਬਕ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 15 ਦਸੰਬਰ 2018 ਤੋਂ ਸ਼ੁਰੂ ਹੋਵੇਗੀ, ਜਿਸ ਲਈ ਜ਼ਿਲ੍ਹੇ ’ਚ 43 ਰਿਟਰਨਿੰਗ ਅਫ਼ਸਰ ਅਤੇ 43 ਸਹਾਇਕ ਰਿਟਰਨਿੰਗ ਅਫ਼ਸਰ ਆਪੋ-ਆਪਣੀ ਸਬ ਡਵੀਜ਼ਨ ਦੇ ਐਸ.ਡੀ.ਐਮ. ਕਮ ਸਬ ਡਵੀਜ਼ਨਲ ਚੋਣਕਾਰ ਅਫ਼ਸਰਾਂ ਦੀ ਨਿਗਰਾਨੀ ਤਹਿਤ ਨਿਰਧਾਰਿਤ ਸਥਾਨਾਂ ’ਤੇ ਨਾਮਜ਼ਦਗੀ ਪੱਤਰ ਪ੍ਰਾਪਤ ਕਰਨਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਨੈ ਬਬਲਾਨੀ ਨੇ ਅੱਜ ਸ਼ਾਮ ਸੁਵਿਧਾ ਮੀਟਿੰਗ ਹਾਲ ਵਿਖੇ ਸਬ ਡਵੀਜ਼ਨਲ ਚੋਣਕਾਰ ਅਫ਼ਸਰਾਂ ਦੀ ਮੌਜੂਦਗੀ ’ਚ ਆਰ.ਓਜ਼ ਤੇ ਸਹਾਇਕ ਆਰ.ਓਜ਼ ਨੂੰ ਸਿਖਲਾਈ ਦੇਣ ਲਈ ਰੱਖੀ ਗਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 15 ਤੋਂ ਸ਼ੁਰੂ ਹੋ ਕੇ 19 ਦਸੰਬਰ ਤੱਕ ਚੱਲੇਗੀ ਜਿਸ ਲਈ ਸਬੰਧਤ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਆਪਣੀ ਰਿਟਰਨਿੰਗ ਅਫ਼ਸਰਾਂ ਸਬੰਧੀ ਹਦਾਇਤਾ ਪੁਸਤਿਕਾ ਦਾ ਡੂੰਘਾ ਅਧਿਐਨ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 21 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਜਿਨ੍ਹਾਂ ਪਿੰਡਾਂ ’ਚ ਲੋੜ ਪਵੇਗੀ ਉੱਥੇ 30 ਦਸੰਬਰ 2018 ਦਿਨ ਐਤਵਾਰ ਨੂੰ ਸਵੇਰੇ 8:00 ਤੋਂ ਸ਼ਾਮ 4:00 ਵਜੇ ਤੱਕ ਮਤਦਾਨ ਹੋਵੇਗਾ ਅਤੇ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਵੀ ਮਤਦਾਨ ਅਮਲ ਮੁਕੰਮਲ ਹੋਣ ਦੇ ਤੁਰੰਤ ਬਾਅਦ ਸ਼ੁਰੂ ਕਰਕੇ ਕੀਤਾ ਜਾਵੇਗਾ।
ਸਬ ਡਵੀਜ਼ਨਲ ਚੋਣਕਾਰ ਅਫ਼ਸਰ ਬਲਾਚੌਰ ਜਗਜੀਤ ਸਿੰਘ ਅਤੇ ਸਬ ਡਵੀਜ਼ਨਲ ਚੋਣਕਾਰ ਅਫ਼ਸਰ ਨਵਾਂਸ਼ਹਿਰ ਵੱਲੋਂ ਆਰ ਓਜ਼ ਤੇ ਏ ਆਰ ਓਜ਼ ਨੂੰ ਦਿੱਤੀ ਗਈ ਸਿਖਲਾਈ ਦੌਰਾਨ ਦੱਸਿਆ ਗਿਆ ਕਿ ਚੋਣ ਅਮਲ ਲਈ ਪੰਜਾਬ ਪੰਚਾਇਤੀ ਰਾਜ ਐਕਟ 1994, ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਅਤੇ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ਼ 1994 ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਨੂੰ 15 ਦਸੰਬਰ ਨੂੰ ਚੋਣ ਨੋਟੀਫ਼ਿਕੇਸ਼ਨ ਹੋਣ ’ਤੇ ਤੁਰੰਤ ਆਪੋ-ਆਪਣੇ ਅਧੀਨ ਪੈਂਦੇ ਗਰਾਮ ਪੰਚਾਇਤ ਚੋਣ ਖੇਤਰ ਲਈ ਸੈਕਸ਼ਨ 36 ਤਹਿਤ ਚੋਣ ਨੋਟਿਸ ਜਾਰੀ ਕਰਕੇ, ਉਸ ਵਿੱਚ ਨਾਮਜ਼ਦਗੀ ਪੱਤਰ ਲੈਣ ਦਾ ਸਥਾਨ, ਪੜਤਾਲ, ਵਾਪਸੀ ਦੀ ਮਿਤੀ ਤੇ ਸਥਾਨ ਅਤੇ ਮਤਦਾਨ ਦੀ ਮਿਤੀ ਤੇ ਸਮਾਂ ਸਪੱਸ਼ਟ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ, ਪੜਤਾਲ ਤੇ ਵਾਪਸੀ ਅਮਲ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੀ ਹੋਵੇਗਾ। ਜਨਤਕ ਛੁੱਟੀ ਵਾਲੇ ਦਿਨ ਨਾਮਜ਼ਦਗੀ ਨਹੀਂ ਹੋਵੇਗੀ।
ਨਾਮਜ਼ਦਗੀ ਫ਼ੀਸ ਜਨਰਲ ਸ੍ਰੇਣੀ / ਬੀ ਸੀ ਸ੍ਰੇਣੀ ਵਾਸਤੇ 100 ਰੁਪਏ ਅਤੇ ਐਸ ਸੀ ਸ੍ਰੇਣੀ ਵਾਸਤੇ 50 ਰੁਪਏ ਹੋਵੇਗੀ। ਨਾਮਜ਼ਦਗੀ ਲਈ ਫ਼ਾਰਮ ਨੰ. 4 ਭਰਿਆ ਜਾਵੇ ਅਤੇ ਵਾਪਸੀ ਲਈ 4 ਬੀ ਭਰਿਆ ਜਾਵੇ। ਨਾਮਜ਼ਦਗੀ ਤੇ ਵਾਪਸੀ ਪ੍ਰਕਿਰਿਆ ਲਈ ਉਮੀਦਵਾਰ ਦਾ ਨਿੱਜੀ ਤੌਰ ’ਤੇ ਪੇਸ਼ ਹੋਣਾ ਲਾਜ਼ਮੀ ਹੈ। ਉਮੀਦਵਾਰ ਲਈ ਸਬੰਧਤ ਗਰਾਮ ਸਭਾ ਦਾ ਵਸਨੀਕ ਤੇ ਵੋਟਰ ਹੋਣਾ ਲਾਜ਼ਮੀ ਹੈ। ਉਮਰ 21 ਸਾਲ ਹੋਵੇ। ਇੱਕ ਤਜ਼ਵੀਜ਼ਕਰਤਾ ਕੇਵਲ ਇੱਕ ਉਮੀਦਵਾਰ ਦਾ ਨਾਮ ਹੀ ਤਜ਼ਵੀਜ਼ ਕਰ ਸਕੇਗਾ। ਉਮੀਦਵਾਰ ਕਿਸੇ ਦਾ ਵੀ ਤਜ਼ਵੀਜ਼ ਕਰਤਾ ਨਹੀਂ ਬਣ ਸਕੇਗਾ। ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਮੌਕੇ ’ਤੇ ਹੀ ਅਰਜ਼ੀ ਦੀ ਮੁਢਲੀ ਪੜਤਾਲ ਕਰਕੇ ਉਮੀਦਵਾਰ ਨੂੰ ਉਸ ਦੀ ਅਰਜ਼ੀ ’ਚ ਖਾਮੀ ਬਾਰੇ ਦੱਸਣਗੇ ਤੇ ਪੜਤਾਲ ਤੋਂ ਪਹਿਲਾਂ-ਪਹਿਲਾਂ ਉਕਤ ਖਾਮੀ ਨੂੰ ਵਧੀਕ ਦਸਤਾਵੇਜ਼ ਪੇਸ਼ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਇੱਕ ਉਮੀਦਵਾਰ ਵੱਧ ਤੋਂ ਵੱਧ ਚਾਰ ਸੈੱਟ ਦੇ ਸਕਦਾ ਹੈ ਪਰ ਫ਼ੀਸ ਕੇਵਲ ਇੱਕ ਸੈੱਟ ਦੀ ਹੀ ਲਈ ਜਾਵੇਗੀ। ਆਂਗਨਵਾੜੀ ਵਰਕਰ ਜਾਂ ਨੰਬਰਦਾਰ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ/ਕਾਲਜਾਂ ਦੇ ਕਰਮਚਾਰੀਆਂ ਦੇ ਚੋਣ ਲੜਨ ’ਤੇ ਕੋਈ ਰੋਕ ਨਹੀਂ ਪਰੰਤੂ ਸਰਕਾਰੀ ਕਰਮਚਾਰੀ/ਮਿਊਂਸਪਲ ਕਰਮਚਾਰੀ/ਪੰਚਾਇਤ ਸਮਿਤੀ ਕਰਮਚਾਰੀ/ਸਹਿਕਾਰੀ ਸਭਾਵਾਂ ਦੇ ਕਰਮਚਾਰੀ ਜਾਂ ਕਿਸੇ ਵੀ ਲਾਭ ਵਾਲੇ ਅਹੁਦੇ ’ਤੇ ਬੈਠੇ ਵਿਅਕਤੀ ਚੋਣ ਨਹੀਂ ਲੜ ਸਕਣਗੇ। ਪੰਚਾਇਤ ਦਾ ਕੰਟ੍ਰੈਕਟਰ ਵੀ ਚੋਣ ਲੜਨ ਤੋਂ ਅਯੋਗ ਮੰਨਿਆ ਜਾਵੇਗਾ।
ਨਾਮ ਵਾਪਸੀ ਤੋਂ ਤੁਰੰਤ ਬਾਅਦ ਚੋਣ ਚਿੰਨ੍ਹ ਅਲਾਟ ਹੋਣਗੇ ਅਤੇ ਕੌਮੀ ਤੇ ਰਾਜ ਪੱਧਰ ’ਤੇ ਮਾਨਤਾ ਪ੍ਰਾਪਤ ਪਾਰਟੀਆਂ ਆਪਣੇ ਉਮੀਦਵਾਰ ਨੂੰ ਅਧਿਕਾਰਿਤ ਚੋਣ ਚਿੰਨ੍ਹ ਅਲਾਟ ਕਰਵਾਉਣ ਲਈ ਆਰ ਓਜ਼ ਨੂੰ ਫ਼ਾਰਮ ਏ ਤੇ ਬੀ ਸਮੇਂ ਸਿਰ ਮੁਹੱਈਆ ਕਰਵਾਉਣਗੀਆਂ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵਿਨੈ ਬਬਲਾਨੀ ਨੇ ਚੋਣ ਅਮਲ ਦੌਰਾਨ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਬਰਕਰਾਰ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਹਦਾਇਤ ਪੁਸਤਿਕਾ ’ਚ ਦਰਜ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਦੀ ਸਿਖਲਾਈ ਤੋਂ ਬਾਅਦ ਅਗਲੀ ਸਿਖਲਾਈ ਐਸ ਡੀ ਐਮ ਦਫ਼ਤਰ ਬੰਗਾ ਵਿਖੇ ਬੰਗਾ ਸਬ ਡਵੀਜ਼ਨ ਨਾਲ ਸਬੰਧਤ ਆਰ ਓਜ਼ ਤੇ ਏ ਆਰ ਓਜ਼ ਦੀ 13 ਦਸੰਬਰ ਨੂੰ ਸਵੇਰੇ 11 ਵਜੇ, ਨਵਾਂਸ਼ਹਿਰ ਐਸ ਡੀ ਐਮ ਦਫ਼ਤਰ ਵਿਖੇ ਨਵਾਂਸ਼ਹਿਰ ਸਬ ਡਵੀਜ਼ਨ ਨਾਲ ਸਬੰਧਤ ਆਰ ਓਜ਼ ਤੇ ਏ ਆਰ ਓਜ਼ ਦੀ 14 ਦਸੰਬਰ ਨੂੰ ਦੁਪਹਿਰ 1 ਵਜੇ ਅਤੇ ਬਲਾਚੌਰ ਐਸ ਡੀ ਐਮ ਦਫ਼ਤਰ ਵਿਖੇ ਬਲਾਚੌਰ ਸਬ ਡਵੀਜ਼ਨ ਨਾਲ ਸਬੰਧਤ ਆਰ ਓਜ਼ ਤੇ ਏ ਆਰ ਓਜ਼ ਦੀ 14 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਕਰਵਾਈ ਜਾਵੇਗੀ ਜਿੱਥੇ ਉਹ ਖੁਦ ਮੌਜੂਦ ਰਹਿਣਗੇ।
ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਨੂੰ ਚੋਣ ਅਮਲ ਲਈ 43 ਸੈਕਟਰਾਂ ’ਚ ਵੰਡ ਕੇ 43 ਰਿਟਰਨਿੰਗ ਅਫ਼ਸਰ ਅਤੇ 43 ਸਹਾਇਕ ਰਿਟਰਨਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ’ਚ ਔੜ ਬਲਾਕ ਲਈ 6, ਬਲਾਚੌਰ ਲਈ 12, ਬੰਗਾ ਲਈ 10, ਨਵਾਂਸ਼ਹਿਰ ਲਈ 9 ਅਤੇ ਸੜੋਆ ਲਈ 6 ਰਿਟਰਨਿੰਗ ਅਫ਼ਸਰ ਲਾਏ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਇੰਦਰ ਸਿੰਘ ਬੈਂਸ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ।