ਐੱਸ.ਏ.ਐੱਸ. ਨਗਰ 11 ਦਸੰਬਰ 2018: ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸਨ ਕੁਮਾਰ ਨੇ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ| ਇਸ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਵਿੱਚ ਮਿਹਨਤੀ ਤੇ ਉਤਸ਼ਾਹੀ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਹੌਸਲਾ ਅਫ਼ਜਾਈ ਕਰਨਾ ਸੀ ਜਿਨ੍ਹਾਂ ਦੇ ਸੁਹਿਰਦ ਯਤਨਾਂ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਕੇ ਸਮਾਰਟ ਤੇ ਸੋਹਣੇ ਸਕੂਲ ਤਿਆਰ ਕੀਤੇ ਜਾ ਰਹੇ ਹਨ| ਇਸਦੇ ਨਾਲ ਹੀ ਇਸ ਮੀਟਿੰਗ ਵਿੱਚ ਸਕੂਲ ਮੁਖੀਆਂ ਨਾਲ ਸਕੂਲਾਂ ਵਿੱਚ ਦਾਖਲਾ ਵਧਾਉਣ ਤੇ ਇਸ ਸੈਸ਼ਨ ਦੇ ਸਰਕਾਰੀ ਸਕੂਲਾਂ ਦੇ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਵਾਲੇ ਕਾਰਜਾਂ ਦੀ ਵਿਉਂਤਬੰਦੀ ਕੀਤੇ ਜਾਣ ਦੀ ਗੱਲ ਵੀ ਕੀਤੀ ਗਈ|
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਹੁਣ ਤੱਕ 2262 ਸਮਾਰਟ ਸਕੂਲ ਸੂਚੀ 'ਚ ਦਰਜ ਹੋ ਚੁੱਕੇ ਹਨ| ਇਹ ਇੱਕ ਅਸੰਭਵ ਕਾਰਜ ਨੂੰ ਸੰਭਵ ਕਰਨ ਲਈ ਪੰਜਾਬ ਦੇ ਸਿਰੜੀ ਤੇ ਮਿਹਨਤੀ ਅਧਿਆਪਕਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਨਤੀਜੇ ਸਾਹਮਣੇ ਆਉਣ ਦੀ ਪੂਰੀ ਉਮੀਦ ਹੈ| ਉਹਨਾਂ ਇਸ ਲਈ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ, ਐੱਨ.ਆਰ.ਆਈਜ਼., ਸਮਾਜ ਸੇਵੀ ਸੰਸਥਾਵਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦਾ ਧੰਨਵਾਦ ਵੀ ਕੀਤਾ| ਉਹਨਾਂ ਸਕੂਲ ਮੁਖੀਆਂ ਨੁੰ ਸੁਝਾਅ ਦਿੱਤਾ ਕਿ ਉਹ ਪਿੰਡ ਜਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਜਾ ਦਾਨੀ ਸੱਜਣਾਂ ਨੂੰ ਸਕੂਲਾਂ ਵਿੱਚ ਆਏ ਗੁਣਾਤਮਿਕ ਸੁਧਾਰਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਉਹ ਸਕੂਲ ਦੇ ਵਿਕਾਸ ਲਈ ਸਹਿਯੋਗੀ ਬਣ ਸਕਣ|
ਸਕੱਤਰ ਸਕੂਲ ਸਿੱਖਿਆ ਨੇ ਸਕੂਲ ਮੁਖੀਆਂ ਨੂੰ ਅਗਵਾਈ ਦਿੰਦਿਆਂ ਕਿਹਾ ਕਿ ਸਕੂਲ ਮੁਖੀ ਆਪਣੇ ਸਕੂਲਾਂ ਵਿਚੋਂ ਪੜ੍ਹ ਕੇ ਜਾ ਚੁੱਕੇ ਤੇ ਵਧੀਆ ਕੰਮਾਂ-ਕਾਰਾਂ ਜਾਂ ਨੌਕਰੀਆਂ 'ਤੇ ਲੱਗੇ ਹੋਏ ਸਾਬਕਾ ਵਿਦਿਆਰਥੀਆਂ ਦੀ ਸੂਚੀ ਬਣਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਤਾਂ ਜੋ ਸਕੂਲਾਂ ਦੇ ਵਿਕਾਸ ਲਈ ਗੱਲਬਾਤ ਕੀਤੀ ਜਾ ਸਕੇ| ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ|
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਨੇ ਸਕੂਲਾਂ 'ਚ ਦਾਖਲਾ ਵਧਾਉਣ ਲਈ ਵੀ ਸਕੂਲ ਮੁਖੀਆਂ ਤੇ ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਕੀਤੀ| ਉਹਨਾਂ ਕਿਹਾ ਕਿ 'ਹਰ ਇੱਕ-ਦਾਖਲ ਕਰਵਾਏ ਇੱਕ' (ਈਚ ਵਨ-ਬਰਿੰਗ ਵਨ) ਸਲੋਗਨ ਤੇ ਅਮਲ ਕਰਦੇ ਹੋਏ ਸਾਰੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਨੂੰ ਇਸ ਸਾਲ ਨਵੇਂ ਸੈਸ਼ਨ ਲਈ ਇੱਕ-ਇੱਕ ਨਵਾਂ ਵਿਦਿਆਰਥੀ ਦਾਖਲ ਕਰਵਾਉਣ ਲਈ ਮੁਹਿੰਮ ਚਲਾਉਣ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਇਸ ਨਾਲ 5 ਤੋਂ 10 ਫੀਸਦੀ ਐਨਰੋਲਮੈਂਟ ਵਧ ਜਾਵੇਗੀ| ਇਸ ਮੌਕੇ ਉਹਨਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਸਕੂਲਾਂ ਦੇ ਬਾਹਰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੀ ਫਲੈਕਸ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਤੇ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਦਾਖ਼ਲੇ ਕਰਵਾਉਣ ਦੀ ਅਪੀਲ ਵੀ ਕਰਨ ਲਈ ਕਿਹਾ|
ਇਸ ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੈਸ਼ਨ ਦੌਰਾਨ ਅਧਿਅਪਕਾਂ ਨੇ ਜੋ ਕਾਰਜ ਕੀਤੇ ਹਨ ਉਹਨਾਂ ਦੇ ਨਤੀਜਿਆਂ ਨੂੰ ਵੀ ਧਿਆਨ 'ਚ ਰੱਖਿਆ ਜਾਵੇ| ਸਮੂਹ ਸਕੂਲ ਮੁਖੀ ਆਪਣੇ ਅਧਿਆਪਕਾਂ ਨਾਲ ਬੈਠ ਕੇ ਵਿਦਿਆਰਥੀਆਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਗਲੇਰੀ ਯੋਜਨਾਬੰਦੀ ਕਰਨ ਅਤੇ ਜਿਹਨਾਂ ਵਿਸ਼ਿਆਂ 'ਚ ਵਿਦਿਆਰਥੀਆਂ ਦੀ ਪਕੜ ਘੱਟ ਹੈ ਉਹਨਾਂ ਤੇ ਧਿਆਨ ਕੇਂਦਰਿਤ ਕਰਕੇ ਵਧੀਆ ਨਤੀਜੇ ਪ੍ਰਾਪਤ ਕੀਤੇ ਜਾਣ| ਉਹਨਾਂ ਇਸ ਗੱਲ 'ਤੇ ਜੋਰ ਦਿੰਦਿਆਂ ਕਿਹਾ ਕਿ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਨਕਲ ਦੀ ਪ੍ਰਵਿਰਤੀ 'ਤੇ ਪੂਰਾ ਕਾਬੂ ਰੱਖਿਆ ਜਾਵੇਗਾ| ਵਿਦਿਆਰਥੀਆਂ ਨੂੰ ਅਧਿਆਪਕਾਂ ਤੇ ਸਕੂਲ ਮੁਖੀਆਂ ਵੱਲੋਂ ਇਸ ਗੱਲ ਤੋਂ ਭਲੀ-ਭਾਂਤੀ ਜਾਣੂੰ ਕਰਵਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਮਿਹਨਤ ਕਰਦੇ ਰਹਿਣ|
ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਮੁਖੀਆਂ ਨੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਫਲੈਕਸਾਂ ਲਗਾ ਕੇ ਪ੍ਰਚਾਰ ਕਰਨ, ਸਕੂਲਾਂ ਵਿੱਚ ਇਮਾਰਤਾਂ ਨੂੰ ਸਿੱਖਣ-ਸਿਖਾਉਣ ਸਮੱਗਰੀ ਵੱਜੋਂ ਵਰਤਣ ਲਈ ਕੰਥਾਂ ਤੇ ਚਾਰਦੀਵਾਰੀ 'ਤੇ ਰੰਗਦਾਰ ਤਸਵੀਰਾਂ ਬਣਾਉਣ, ਐੱਨ.ਆਰ.ਆਈਜ਼. ਨਾਲ ਮਿਲਣਸਾਰ ਹੋ ਕੇ ਸਕੂਲ ਲਈ ਵਿੱਤੀ ਸਹਿਯੋਗ ਲੈਣ, ਸਕੂਲ ਵਿੱਚ ਵਿਦਿਆਰਥੀਆਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਦਾਨੀ ਸੱਜਣਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਤਜ਼ਰਬੇ ਵੀ ਸਾਂਝੇ ਕੀਤੇ|
ਮੀਟਿੰਗ ਵਿੱਚ ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਮੂਹ ਪ੍ਰਿੰਸੀਪਲਾਂ ਤੇ ਸਕੂਲ ਮੁਖੀਆਂ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਜ਼ਿਲ੍ਹਾ ਤੇ ਬਲਾਕ ਮੈਂਟਰ (ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ ਤੇ ਪੰਜਾਬੀ), ਸੈਂਟਰ ਹੈੱਡ ਟੀਚਰ, ਬਲਾਕ ਮਾਸਟਰ ਟਰੇਨਰਾਂ ਤੇ ਕਲਸਟਰ ਮਾਸਟਰ ਟਰੇਨਰਾਂ ਨੇ ਭਾਗ ਲਿਆ|
ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਕਰਮਜੀਤ ਕੌਰ ਡਿਪਟੀ ਐੱਸਪੀਡੀ ਐਜੂਸੈੱਟ, ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਬਲਵਿੰਦਰ ਸਿੰਘ ਏ.ਐੱਸ.ਪੀ.ਡੀ. ਮੀਡੀਆ, ਪ੍ਰਿੰਸੀਪਲ ਮੰਜੂ ਭਾਰਦਵਾਜ, ਪ੍ਰਿੰਸੀਪਲ ਸਲਿੰਦਰ ਸਿੰਘ, ਪ੍ਰਿੰਸੀਪਲ ਰਾਕੇਸ਼ ਬਸਰਾ, ਅਮਰਜੀਤ ਸਿੰਘ ਰੱਲੀ, ਹਰਿੰਦਰ ਸਿੰਘ ਗਰੇਵਾਲ, ਲਵਪ੍ਰੀਤ ਸਿੰਘ ਫਾਜਿਲਕਾ ਤੇ ਐਜੂਸੇੱਟ ਦਾ ਤਕਨੀਕੀ ਸਟਾਫ ਵੀ ਹਾਜ਼ਰ ਸੀ|