ਭਾਰਤੀ ਵੀ ਨੇ 'ਡੌਗ ਮੀਟ' ਦੇ ਸ਼ੌਕੀਨ ? ਪੁਲਿਸ ਨੇ ਇਸ ਸ਼ਹਿਰ 'ਚੋਂ ਕੀਤਾ 21 ਕੋਇੰਟਲ ਫਰੋਜ਼ਨ ਮੀਟ ਜ਼ਬਤ
ਨਵੀਂ ਦਿੱਲੀ, 20 ਨਵੰਬਰ 2018 - ਲੰਘੇ ਸ਼ਨੀਵਾਰ ਸਵੇਰ ਦੇ 10.30 ਵਜੇ ਚੇਨਈ ਅਗਮੋਰ ਰੇਲਵੇ ਸਟੇਸ਼ਨ 'ਤੇ ਮੰਨਰਗੁਡੀ - ਭਗਤ ਕੀ ਕੋਠੀ ਵੀਕਲੀ ਐਕਸਪ੍ਰੈੱਸ ਰੇਲਗੱਡੀ 'ਚੋਂ 20 ਥਰਮੋਕੋਲ ਪੈਕਿੰਗ ਦੇ ਡੱਬੇ ਬਰਾਮਦ ਕੀਤੇ ਗਏ। ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਚੈਕਿੰਗ ਲਈ ਡੱਬੇ ਉਤਾਰ ਰਹੇ ਸ਼ਖਸ ਨੂੰ ਰੋਕਿਆ ਤਾਂ ਉਹ ਡੱਬੇ ਛੱਡ ਦੌੜ ਗਿਆ।
ਇਹਨਾਂ 20 ਪਾਰਸਲ ਦੇ ਡੱਬਿਆਂ 'ਚੋਂ ਅਜੀਬ ਕਿਸਮ ਦੀ ਸੜਿਆਣ ਆ ਰਹੀ ਸੀ, ਜਿਸ ਤੋਂ ਬਾਅਦ ਰੇਲਵੇ ਪੁਲਿਸ ਨੇ ਇਸ ਦੀ ਜਾਂਚ ਕਰਨੀ ਚਾਹੀ। ਰੇਲਵੇ ਪੁਲਿਸ ਨੇ ਜਦੋਂ ਬਕਸਿਆਂ ਦੀ ਜਾਂਚ ਕਰਨ ਲਈ ਇੱਕ ਬਕਸਾ ਖੋਲ੍ਹਿਆ ਤਾਂ ਉਸ 'ਚ ਛੋਟੇ ਟੁਕੜਿਆਂ 'ਚ ਕਿਸੇ ਜਾਨਵਰ ਦਾ ਫਰੋਜ਼ਨ ਮੀਟ ਪਾਇਆ ਗਿਆ। ਪੁਲਿਸ ਨੇ ਤੁਰੰਤ ਫੂਡ ਸੇਫਟੀ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਅਧਿਕਾਰੀਆਂ ਨੇ ਪਹੁੰਚ ਕੇ ਸਕਿੰਟਾਂ 'ਚ ਇਸ ਨੂੰ ਕੁੱਤੇ ਦਾ ਮੀਟ ਘੋਸ਼ਿਤ ਕਰ ਦਿੱਤਾ।
ਜਾਣਕਾਰੀ ਮੁਤਾਬਕ ਕੁੱਲ 20 ਬਕਸਿਆਂ 'ਚ ਕਰੀਬ 2100 ਕਿੱਲੋ ਦੇ ਕਰੀਬ ਮੀਟ ਨੂੰ ਫਰੀਜ਼ ਕੀਤਾ ਗਿਆ ਸੀ। ਫੂਡ ਸੇਫਟੀ ਅਧਿਕਾਰੀਆਂ ਨੇ ਰੇਲ ਮਹਿਕਮੇ ਤੋਂ ਇਸ ਪਾਰਸਲ ਦੀ ਪੂਰੀ ਡਿਟੇਲ ਮੰਗੀ ਹੈ ਕਿ ਇਹ ਕਿੱਥੋਂ ਭੇਜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੁਜਰਾਤ ਦੇ ਗਾਂਧੀਧਾਮ ਤੋਂ ਕਿਸੇ ਵੱਲੋਂ ਇਹ ਪਾਰਸਲ ਮੰਗਵਾਏ ਗਏ ਨੇ ਜੋ ਕਿ ਕਰੀਬ 3 ਦਿਨ ਪਹਿਲਾਂ ਗੱਡੀ 'ਚ ਲੱਦੇ ਗਏ ਸਨ। ਫਿਲਹਾਲ ਰੇਲਵੇ ਪੁਲਿਸ ਨੇ ਕਿਸੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ। ਪੁਲਿਸ ਪਾਰਸਲ ਭੇਜੇ ਜਾਣ ਵਾਲੇ ਸਥਾਨ ਦੀ ਪੜਤਾਲ ਕਰ ਰਹੀ ਹੈ।