ਬਠਿੰਡਾ, 12 ਨਵੰਬਰ 2018: ਪੰਜਾਬ ਸਰਕਾਰ ਪਸ਼ੂ ਪਾਲਣ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਲਈ ਅੱਜ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ ਸ਼ੁਰੂ ਕੀਤੇ ਗਏ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਚੰਡੀਗੜ ਵਿਖੇ ਰਾਜ ਪੱਧਰ ਦੀ ਬੈਠਕ ਦੀ ਅਗਵਾਈ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕੌਮੀ ਪਸ਼ੂਧਨ ਮੁਕਾਬਲਾ-2019 ਲਈ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ ਹੋ ਗਏ ਹਨ ਜਦਕਿ ਸਾਲਾਨਾ ਕੌਮੀ ਪਸ਼ੂਧਨ ਮੁਕਾਬਲਾ ਅਗਲੇ ਸਾਲ ਦੇ ਜਨਵਰੀ ਮਹੀਨੇ ਵਿਚ ਕਰਵਾਇਆ ਜਾਵੇਗਾ।
ਸ਼੍ਰੀ ਸਿੱਧੂ ਨੇ ਦੱਸਿਆ ਕਿ ਪਸ਼ੂ ਪਾਲਕ ਮੱਝਾਂ, ਦੇਸੀ ਤੇ ਵਲੈਤੀ ਗਾਵਾਂ ਤੇ ਬੱਕਰੀਆਂ ਦੀ ਰਜਿਸਟ੍ਰੇਸ਼ਨ ਸਬੰਧਤ ਇਲਾਕੇ ਦੇ ਪਸ਼ੂ ਹਸਪਤਾਲ ਵਿਚ ਕਰਵਾਉਣ ਉਨਾਂ ਦੱਸਿਆ ਇਨਾਂ ਬਲਾਕ ਪੱਧਰ ਦੇ ਜੇਤੂ ਪਸ਼ੂ ਹੀ ਕੌਮੀ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਲਈ ਯੋਗ ਸਮਝੇ ਜਾਣਗੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਠਿੰਡਾ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਠਿੰਡਾ ਬਲਾਕ ਦੇ ਮੁਕਾਬਲੇ ਪਿੰਡ ਕੋਟ ਸ਼ਮੀਰ ਵਿਖੇ ਅਤੇ ਨਥਾਣਾ ਬਲਾਕ ਦੇ ਮੁਕਾਬਲੇ ਪਿੰਡ ਸੇਮਾ ਵਿਖੇ ਕਰਵਾਏ ਗਏ। ਇਸੇ ਤਰਾਂ ਇਹ ਮੁਕਾਬਲੇ ਬਲਾਕ ਪੱਧਰ 'ਤੇ ਸੰਗਤ, ਫੂਲ, ਰਾਮਪੁਰਾ, ਭਗਤਾ, ਮੌੜ ਅਤੇ ਤਲਵੰਡੀ ਸਾਬੋ ਵਿਖੇ ਵੀ ਕਰਵਾਏ ਗਏ।
ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਸੈਕਟਰ ਵਿਚ ਮੋਜੂਸਮੇ ਖੜੋਤ ਹੋਣ ਕਰਕੇ ਪਸ਼ੂ ਪਾਲਣ ਦੇ ਨਾਲ ਸਬੰਧਤ ਕਿੱਤਿਆਂ (ਡੇਅਰੀ, ਪੋਲਟਰੀ, ਪਿਗਰੀ, ਬਕਰੀ ਪਾਲਣ/ਭੇਡ ਪਾਲਣ ਆਦਿ) ਨੂੰ ਉਤਸਾਹਿਤ ਕਰਨ ਦੀ ਜ਼ਰੂਰਤ ਹੈ ਜਿਸ ਲਈ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਧੰਦੇ ਨੂੰ ਸੂਬੇ ਵਿਚ ਵਿਕਸਿਤ ਕਰਨ ਲਈ ਵੱਡੇ ਪੱਧਰ 'ਤੇ ਫੈਸਲੇ ਲੈ ਰਹੀ ਹੈ ਜਿਸ ਅਧੀਨ ਨਾਭਾ ਤੇ ਰੋਪੜ ਵਿਖੇ ਚੱਲ ਰਹੇ ਦੋ ਬੁੱਲ ਸਟੇਸ਼ਨ-ਕਮ-ਫਰੋਜ਼ਿਨ ਸੀਮਨ ਬੈਂਕ ਦਾ ਵਿਆਪਕ ਪੱਧਰ 'ਤੇ ਆਧੁਨਿਕਰਣ ਕੀਤਾ ਹੈ, ਜਿਥੇ ਉੱਚ ਕੋਟੀ ਦੇ ਸਾਨਾਂ ਅਤੇ ਝੋਟਿਆਂ ਦਾ ਵੀਰਜ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਪੈਂਦਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਵਿਚ ਮੱਝਾਂ ਪਾਲਣ ਦੇ ਰੁਝਾਨ ਨੂੰ ਦੇਖਦੇ ਹੋਏ ਛੇਤੀ ਹੀ ਤਰਨਤਾਰਨ ਜ਼ਿਲੇ ਦੇ ਬੂਹ ਪਿੰਡ ਵਿਖੇ ਕੌਮੀ ਪੱਧਰ ਦਾ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਲਈ ਪਹਿਲੇ ਬਜਟ ਵਿਚ ਪੱਟੀ ਵਿਖੇ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕਰਨ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ
ਉਨਾਂ ਅੱਗੇ ਦੱਸਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਦੇ ਲਈ ਅਤੇ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਰਾਮਪੁਰਾ ਫੂਲ, ਬਠਿੰਡਾ ਵਿਖੇ 92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ ਜਲਦ ਹੀ ਇਸ ਅਤੀ ਆਧੁਨਿਕ ਵੈਟਰਨਰੀ ਕਾਲਜ ਵਿਚ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਡੇਅਰੀ ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇਰਿਤ ਕਰਕੇ 3322 ਨਵੇਂ ਡੇਅਰੀ ਯੂਨਿਟ ਕੀਤਾ ਜਾ ਰਹੇ ਹਨ।