ਪਟਿਆਲਾ, 22 ਅਕਤੂਬਰ 2018: ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਇਥੇ ਪਟਿਆਲਾ-ਸੰਗਰੂਰ ਰੋਡ 'ਤੇ ਸਿਵਲ ਏਵੀਏਸ਼ਨ ਕਲੱਬ ਦੇ ਪਿੱਛੇ ਸਥਿਤ ਨਿਊ ਪੋਲੋ ਗਰਾਊਂਡ ਵਿਖੇ 26 ਤੋਂ 28 ਅਕਤੂਬਰ ਤੱਕ ਕਰਵਾਏ ਜਾ ਰਹੇ ਦੂਸਰੇ ਪੰਜਾਬ ਮਿਲਟਰੀ ਸਾਹਿਤ ਮੇਲੇ ਦੀ ਲੜੀ ਤਹਿਤ ਹੋਣ ਵਾਲੇ ਪੋਲੋ ਕੱਪ-2018 ਦੀਆਂ ਤਿਆਰੀਆਂ ਦਾ ਅੱਜ ਸ਼ਾਮ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਫ਼ੌਜ ਦੇ ਕਰਨਲ ਐਨ.ਐਸ. ਸੰਧੂ, ਲੈਫ਼ਟੀਨੈਟ ਕਰਨਲ ਕੁਮਾਰ ਸੌਰਵ, ਏ.ਡੀ.ਸੀ. (ਜਨਰਲ) ਸ੍ਰੀ ਸ਼ੌਕਤ ਅਹਿਮਦ ਪਰੇ, ਏ.ਡੀ.ਸੀ. (ਵਿਕਾਸ) ਸ਼੍ਰੀਮਤੀ ਪੂਨਮਦੀਪ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜਣ ਵਾਲੇ ਭਾਰਤੀ ਫ਼ੌਜ ਦੇ ਜੀ.ਓ.ਸੀ. ਪੱਛਮੀ ਕਮਾਂਡ ਸਮੇਤ ਹੋਰ ਵਿਸ਼ੇਸ਼ ਮਹਿਮਾਨਾਂ ਦੇ ਬੈਠਣ ਆਦਿ ਸਮੇਤ ਹੋਰ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ 'ਚ ਫ਼ੌਜ ਤੇ ਸਿਵਲ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਪਸੀ ਤਾਲਮੇਲ ਕਰਕੇ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ। ਸ੍ਰੀ ਕੁਮਾਰ ਅਮਿਤ ਨੇ ਇਸ ਸਮਾਗਮ ਲਈ ਸਥਾਪਿਤ ਕੀਤੀਆਂ ਕਮੇਟੀਆਂ ਵਿੱਚ ਸ਼ਾਮਲ ਕੀਤੇ ਅਧਿਕਾਰੀਆਂ ਨੂੰ ਪੋਲੋ ਕੱਪ-2018 ਦੇ ਸਾਰੇ ਪ੍ਰਬੰਧ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ।
ਕਰਨਲ ਐਨ.ਐਸ. ਸੰਧੂ ਨੇ ਦੱਸਿਆ ਕਿ ਦੂਜੇ ਮਿਲਟਰੀ ਲਿਟਰੇਚਰ ਫੈਸਟੀਵਲ ਤਹਿਤ ਹੋਣ ਵਾਲੇ ਸਮਾਗਮਾਂ ਦੇ ਹਿੱਸੇ ਵਜੋਂ ਇਸ ਗਰਾਊਂਡ 'ਚ ਪੋਲੋ ਦੇ ਮੈਚ 26 ਤੇ 28 ਅਕਤੂਬਰ ਨੂੰ ਕਰਵਾਏ ਜਾਣਗੇ, ਜਿਸ ਵਿੱਚ ਪੋਲੋ ਦੀਆਂ ਨਾਮੀ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਬਿਨ੍ਹਾਂ ਸਕਿਲ ਰਾਇਡਰਜ, ਫਲਾਈ ਪਾਸਟ, ਸ਼ੂਟਿੰਗ ਅਤੇ ਆਰਚਰੀ ਦੇ ਵੀ ਮੈਚ ਹੋਣਗੇ ਅਤੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ।
ਅੱਜ ਦੀ ਇਸ ਮੀਟਿੰਗ 'ਚ ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਲਜੀਤ ਸਿੰਘ ਬਰਾੜ, ਸਥਾਨਕ ਸਰਕਾਰਾਂ ਵਿਭਾਗ ਤੋਂ ਪਰਮਿੰਦਰਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।