ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਸ੍ਰੀਮਤੀ ਵੀ.ਨੀਰਜਾ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਰੀਥ ਰੱਖਕੇ ਸਰਧਾਂਜਲੀ ਭੇਂਟ ਕਰਦੇ ਹੋਏ।
ਪਿਛਲੇ ਸਾਲ ਦੇਸ਼ ਵਿੱਚ 414 ਅਧਿਕਾਰੀਆਂ ਤੇ ਜਵਾਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵਾਰੀਆਂ ਜਾਨਾਂ
ਐਸ.ਏ.ਐਸ. ਨਗਰ, 21 ਅਕਤੂਬਰ 2018: ਪੰਜਾਬ ਪੁਲਿਸ ਦੇ ਉਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਜਿਹਨਾਂ ਨੇ ਅਮਨ ਕਾਨੂੰਨ ਦੀ ਵਿਵਸਥਾ ਅਤੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਸ੍ਰੀਮਤੀ ਵੀ. ਨੀਰਜਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਂਟ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ, ਜਿਲ੍ਹੇ ਦੇ ਸਮੂਹ ਕਪਤਾਨ ਪੁਲਿਸ, ਉਪ ਕਪਤਾਨ ਪੁਲਿਸ ਅਤੇ ਅਧਿਕਾਰੀ, ਕਰਮਚਾਰੀ, ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸੇਵਾਮੁਕਤ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਪੰਜਾਬ ਪੁਲਿਸ ਦੇ ਡੀ. ਐਸ.ਪੀ. ਸ੍ਰੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਹੀਦੀ ਯਾਦਗਾਰੀ ਪਰੇਡ ਦਾ ਆਯੋਜਨ ਕੀਤਾ ਅਤੇ ਸ਼ਹੀਦਾਂ ਨੂੰ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ।
ਆਈ.ਜੀ ਪੁਲਿਸ ਨੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਮਾਣਮੱਤਾ ਇਤਿਹਾਸ ਹੈ ਜਿਥੇ ਇਸ ਨੇ ਸੂਬੇ ਵਿਚ ਅਤਿਵਾਦ ਨੂੰ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਾ ਕੇ ਰਾਜ ਦੇ ਲੋਕਾਂ ਨੂੰ ਸਥਾਈ ਅਮਨ ਸ਼ਾਂਤੀ ਪੈਦਾ ਕਰਕੇ ਦਿੱਤੀ ਉਥੇ ਦੇਸ਼ ਵਿਰੋਧੀ ਤਾਕਤਾਂ ਦਾ ਹਮੇਸ਼ਾਂ ਡਟਕੇ ਮੁਕਾਬਲਾ ਵੀ ਕੀਤਾ ਅਤੇ ਬਹੁਤ ਸਾਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸ਼ਹਾਦਤਾ ਵੀ ਦੇਣੀਆਂ ਪਈਆਂ । ਇਨ੍ਹਾਂ ਸ਼ਹਾਦਤਾਂ ਸਦਕਾ ਹੀ ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮੌਹਲ ਬਣਿਆ ਹੈ। ਉਨਾ੍ਹਂ ਇਸ ਮੌਕੇ ਪਿਛਲੇ ਸਾਲ ਸਮੁੱਚੇ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 414 ਅਫ਼ਸਰਾਂ ਤੇ ਜਵਾਨਾਂ ਸਮੇਤ ਆਪਣੀ ਡਿਊਟੀ ਨਿਭਾਉਂਦੇ ਸਮੇਂ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਕਾਇਮ ਰੱਖਣ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਸਰਧਾਂਜ਼ਲੀ ਭੇਂਟ ਕੀਤੀ । ਉਨਾ੍ਹਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਸਾਡੇ ਆਪਣੇ ਪਰਿਵਾਰ ਹਨ ਅਤੇ ਇਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਇਸ ਸਮੇਂ ਰੂਪਨਗਰ ਰੇਂਜ ਵਿੱਚ ਸ਼ਹੀਦਾਂ ਦੇ 92 ਪਰਿਵਾਰ ਹਨ ਜਿਨ੍ਹਾਂ ਵਿੱਚੋਂ ਜਿਲ੍ਹਾ ਰੂਪਨਗਰ 'ਚ 41, ਐਸ.ਏ.ਐਸ ਨਗਰ 'ਚ 35 ਅਤੇ ਫਤਹਿਗੜ੍ਹ ਸਾਹਿਬ ਜਿਲ੍ਹੇ 'ਚ 16 ਪਰਿਵਾਰ ਰਹਿ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਪੁਲਿਸ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੁੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆ ਅਤੇ ਉਨ੍ਹਾਂ ਮੁਸ਼ਿਕਲਾਂ ਦੇ ਫੌਰੀ ਹੱਲ ਲਈ ਨਿਰਦੇਸ਼ ਵੀ ਦਿੱਤੇ।
ਆਈ. ਜੀ.ਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਸਮੇਂ-ਸਮੇਂ ਸਿਰ ਕਈ ਨੀਤੀਆਂ ਬਣਾਈਆਂ ਗਈਆਂ ਹਨ ਅਤੇ ਪਰਿਵਾਰਾਂ ਨਾਲ ਮੀਟਿੰਗਾਂ ਕਰਕੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਂਦਾ ਹੈ। ਦਿਵਾਲੀ ਦੇ ਤਿਉਹਾਰ ਮੌਕੇ ਸ਼ਹੀਦਾਂ ਦੇ ਘਰਾਂ ਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਤਿਉਹਾਰ ਦੀ ਖੁਸ਼ੀ ਵਿਚ ਸ਼ਾਮਲ ਹੋਇਆ ਜਾਂਦਾ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਵਿਭਾਗ ਹਮੇਸ਼ਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹਿਆ ਹੈ ਜੇ ਕਿਸੇ ਪਰਿਵਾਰ ਨੂੰ ਕੋਈ ਮੁਸ਼ਿਕਲ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਮਿਲਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਸਕਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਤੋਂ ਪਹਿਲਾ ਐਸ.ਪੀ. (ਹੈਡ ਕੁਆਰਟਰ ) ਸ੍ਰੀ ਗੁਰਸੇਵਕ ਸਿੰਘ ਬਰਾੜ ਨੇ ਪਿਛਲੇ ਸਾਲ ਦੇਸ਼ 'ਚ ਵੱਖ ਵੱਖ ਰਾਜਾਂ ਦੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਦੇਸ਼ ਦੀ ਏਕਤਾ ਅਤੇ ਅੰਖਡਤਾ ਲਈ ਸ਼ਹੀਦ ਹੋਏ 414 ਅਧਿਕਾਰੀਆਂ ਅਤੇ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਜਲੀ ਭੇਟ ਕੀਤੀ। ਇਸ ਮੌਕੇ ਆਈ.ਜੀ.ਪੀ ਰੂਪਨਗਰ ਰੇਂਜ, ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ, ਜਿਲ੍ਹਾ ਪੁਲਿਸ ਮੁੱਖੀ ਐਸ.ਏ.ਐਸ ਨਗਰ ਸਮੇਤ ਜਿਲ੍ਹੇ ਸਮੂਹ ਐਸ.ਪੀਜ਼, ਡੀ.ਐਸ.ਪੀਜ਼ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦਾਂ ਨੂੰ ਰੀਥਾਂ ਰੱਖਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਉਪਰੰਤ ਥਾਣਾ ਮੁੱਖੀਆਂ, ਪੁਲਿਸ ਦੇ ਹੋਰਨਾਂ ਅਧਿਕਾਰੀਆਂ, ਜਵਾਨਾਂ ਅਤੇ ਸਾਬਕਾ ਪੁਲਿਸ ਦੇ ਅਧਿਕਾਰੀ ਨੇ ਵੀ ਰੀਥਾਂ ਰੱਖਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹੀਦਾਂ ਦੀ ਯਾਦ ਵਿਚ ਪੌਦੇ ਵੀ ਲਗਾਏ ਗਏ।