ਅੰਮ੍ਰਿਤਸਰ : ਪੁਲਿਸ ਨਾਲ ਝੜਪ - ਧਾਰਾ 144 ਤੋਂ ਬਾਅਦ ਬਹਾਲ ਹੋਈ ਰੇਲ ਸੇਵਾ
ਅੰਮ੍ਰਿਤਸਰ, 21 ਅਕਤੂਬਰ 2018 - ਬੀਤੇ ਦਿਨੀਂ ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ ਦੇ ਗੁੱਸੇ ਵਜੋਂ ਲੋਕਾਂ ਨੇ ਅੱਜ ਵੀ ਰੇਲ ਆਵਾਜਾਈ ਠੱਪ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਲੋਕਾਂ ਵੱਲੋਂ ਲਾਏ ਗਏ ਜਾਮ ਨੂੰ ਚੁੱਕਣ ਲਈ ਪੁਲਿਸ ਵਲੋਂ ਅੱਜ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਰੇਲਵੇ ਲਾਇਨ ਦੇ 2 ਕਿਲੋਮੀਟਰ ਦੇ ਘੇਰੇ ਦੇ ਦੋਹਾਂ ਪਾਸਿਆਂ 'ਤੇ ਪੁਲਿਸ, ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਗੁੱਸੇ 'ਚ ਟਰੈਕ 'ਤੇ ਬੈਠੇ ਲੋਕਾਂ ਨੂੰ ਜਦੋਂ ਪੁਲਿਸ ਵਲੋਂ ਉਠਾਇਆ ਗਿਆ ਤਾਂ ਉਨ੍ਹਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ ਜਿਸ 'ਚ ਇੱਕ ਜਵਾਨ ਜ਼ਖ਼ਮੀ ਹੋਣ ਦੀ ਸੂਚਨਾ ਸੀ।
ਪੁਲਿਸ 'ਤੇ ਹੇ ਪਥਰਾਅ ਤੋਂ ਬਾਅਦ ਧਾਰਾ 144 ਲਗਾ ਦਿੱਤੀ ਗਈ। ਪੁਲੀਸ ਵੱਲੋਂ ਕਾਫੀ ਜੱਦੋ ਜਹਿਦ ਬਾਅਦ ਗੁੱਸੇ 'ਚ ਆਈ ਭੀੜ ਨੂੰ ਖਦੇੜਿਆ। ਜਿਸ ਤੋਂ ਬਾਅਦ ਅੰਮ੍ਰਿਤਸਰ-ਦਿੱਲੀ ਰੇਲ ਸੇਵਾ ਮੁੜ ਬਹਾਲ ਕਰ ਦਿੱਤੀ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇੱਕ ਮਾਲਗੱਡੀ ਨੂੰ ਅੱਜ ਟਰੈਕ ਖਾਲੀ ਕਰਵਾਉਣ ਤੋਂ ਬਾਅਦ ਸੁਰੱਖਿਅਤ ਕੱਢਿਆ ਗਿਆ।