ਵਿਦੇਸ਼ੀ ਖ਼ਰਬੂਜ਼ੇ ਤੇ ਤਰਬੂਜ਼ ਦੀ ਸਫਲ ਖੇਤੀ ਕਰ ਕੇ ਬਣਿਆਂ ਉਤਰੀ ਭਾਰਤ ਦਾ ਵੱਡਾ ਉਤਪਾਦਕ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਰਾਜਾਂ 'ਚ ਕਰਦਾ ਹੈ ਵਿਦੇਸ਼ੀ ਕਿਸਮ ਦੇ ਖ਼ਰਬੂਜ਼ੇ ਤੇ ਤਰਬੂਜ਼ ਦੀ ਵਿੱਕਰੀਸਫਲ ਕਿਸਾਨ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਬਜ਼ੀਆਂ ਦੇ ਸਫਲ ਉਤਪਾਦਕ ਵਜੋਂ ਦਿੱਤਾ ਗਿਆ ਉਜਾਗਰ ਸਿੰਘ ਧਾਲੀਵਾਲ ਸਨਮਾਨ
ਸਫਲ ਕਿਸਾਨ ਦੀ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ
ਫ਼ਤਿਹਗੜ੍ਹ ਸਾਹਿਬ, 18 ਅਕਤੂਬਰ 2018 :- ਅਜੋਕੇ ਸਮੇਂ ਪਰਾਲੀ ਦੀ ਸੰਭਾਲ ਜੋ ਕਿ ਆਮ ਕਿਸਾਨਾਂ ਲਈ ਵੱਡਾ ਚੁਣੋਤੀ ਬਣੀ ਹੋਈ ਹੈ, ਉੱਥੇ ਹੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹਰੀਪੁਰ ਦੇ ਅਗਾਂਹਵਧੂ ਸੋਚ ਵਾਲੇ ਸਫਲ ਕਿਸਾਨ ਹਰਪ੍ਰੀਤ ਸਿੰਘ ਗਿੱਲ ਲਈ ਇਹ ਪਰਾਲੀ ਵਰਦਾਨ ਸਾਬਤ ਹੋ ਰਹੀ ਹੈ ਕਿਉਂਕਿ ਇਸ ਤਜਰਬੇਕਾਰ ਕਿਸਾਨ ਨੇ ਪੂਰਨ ਵਿਗਿਆਨਿਕ ਤਕਨੀਕਾਂ ਦੇ ਜ਼ਰੀਏ ਖੇਤੀ ਨੂੰ ਵਪਾਰਕ ਪੱਧਰ 'ਤੇ ਅਪਣਾ ਕੇ ਉਚ ਪੱਧਰ ਦਾ ਕਾਰੋਬਾਰੀ ਬਣਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਗਿੱਲ ਦੇ ਦੱਸਣ ਅਨੁਸਾਰ ਉਹ ਪਿਛਲੇ ਕਈ ਵਰ੍ਹਿਆਂ ਤੋਂ ਰੋਟਾਵੇਟਰ, ਮਲਚਰ ਤੇ ਉਲਟਾਵੇਂ ਹੱਲ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਵਾਹ ਕੇ ਅਗਲੀਆਂ ਫ਼ਸਲਾਂ ਤੋਂ ਵਧੇਰੇ ਝਾੜ ਲੈ ਰਿਹਾ ਹੈ। ਇਸ ਤੋਂ ਇਲਾਵਾ ਉਹ ਪਰਾਲੀ ਦੀ ਸੰਭਾਲ ਲਈ ਬੇਲਰ ਦੀ ਵੀ ਵਰਤੋਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪਰਾਲੀ ਨੂੰ ਖੇਤ ਵਿਚ ਵਾਹੁਣ 'ਤੇ ਖਰਚਾ ਕੁੱਝ ਵਧ ਜਾਦਾ ਹੈ ਪ੍ਰੰਤੂ ਅਜਿਹਾ ਕਰਨ ਨਾਲ ਆਲੂਆਂ ਤੋਂ ਹੀ ਪ੍ਰਤੀ ਏਕੜ 10-15 ਕੁਇੰਟਲ ਤੱਕ ਵਧੇਰੇ ਝਾੜ ਨਿਕਲਣ ਕਰ ਕੇ ਸ਼ੁਧ ਲਾਭ ਵਿਚ ਕਾਫੀ ਇਜ਼ਾਫਾ ਹੁੰਦਾ ਹੈ। ਇਹ ਸਫਲ ਕਿਸਾਨ 110 ਏਕੜ ਰਕਬੇ ਵਿਚ ਖੇਤੀ ਕਰ ਰਿਹਾ ਹੈ ਅਤੇ ਝੋਨੇ ਦੀ ਵਢਾਈ ਤੋਂ ਬਾਅਦ ਉਸ ਵੱਲੋਂ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਦੋਂ ਕਿ ਤੀਜੀ ਫ਼ਸਲ ਵਜੋਂ ਕਰੀਬ 60 ਏਕੜ ਰਕਬੇ ਵਿਚ ਖ਼ਰਬੂਜ਼ੇ ਤੇ ਤਰਬੂਜ਼ ਦੀ, 40 ਏਕੜ 'ਚ ਮੂੰਗੀ ਬੀਜ ਕੇ ਉਸ ਦਾ ਸਰਟੀਫਾਇਡ ਬੀਜ ਅਤੇ 10 ਏਕੜ ਵਿਚ ਪਸੂਆਂ ਲਈ ਆਚਾਰ ਤਿਆਰ ਕਰਨ ਖ਼ਾਤਰ ਮੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਗਿੱਲ ਅਨੁਸਾਰ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਉਸ ਵੱਲੋਂ ਅਪਣਾਇਆ ਫ਼ਸਲੀ ਚੱਕਰ ਜ਼ਿਆਦਾ ਮੁਨਾਫ਼ੇ ਵਾਲਾ ਹੈ।
ਗਿੱਲ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਇੱਕ ਸਾਂਝਾ ਕਿਸਾਨ ਪਰਿਵਾਰ ਹੈ ਅਤੇ ਉਸ ਨੇ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ ਮਾਰਕੀਟ ਦੀ ਮੰਗ ਅਨੁਸਾਰ ਬਦਲਵੀਆਂ ਫ਼ਸਲਾਂ ਪੈਦਾ ਕਰਨ ਅਤੇ ਉਨ੍ਹਾਂ ਨੂੰ ਲਾਹੇਵੰਦ ਭਾਅ 'ਤੇ ਵੇਚਣ ਦੇ ਸਫਲ ਤਜਰਬੇ ਕਰ ਕੇ ਨਾ ਕੇਵਲ ਆਪਣੇ ਆਪ ਨੂੰ ਸਫਲ ਕਿਸਾਨ ਵਜੋਂ ਸਥਾਪਤ ਕੀਤਾ ਹੈ ਸਗੋਂ ਉਹ ਹੋਰ ਕਿਸਾਨਾਂ ਲਈ ਵੀ ਮਾਰਗ ਦਰਸ਼ਕ ਦਾ ਕੰਮ ਕਰ ਰਿਹਾ ਹੈ।
ਗਿੱਲ ਨੇ ਦੱਸਿਆ ਕਿ ਵਿਦੇਸ਼ੀ ਖ਼ਰਬੂਜ਼ੇ ਤੇ ਤਰਬੂਜ਼ ਦੀਆਂ ਉੱਚ ਪਾਏ ਦੀਆਂ ਕਿਸਮਾਂ ਦੀ ਆਧੁਨਿਕ ਤਕਨੀਕ ਨਾਲ ਖੇਤੀ ਕਰਨ ਅਤੇ ਉਸ ਦਾ ਸਫਲਤਾ ਪੂਰਵਕ ਮੰਡੀ ਕਰਨ ਕਰ ਕੇ ਉਹ ਇਸ ਸਮੇਂ ਪੰਜਾਬ ਦਾ ਵਿਦੇਸ਼ੀ ਖ਼ਰਬੂਜ਼ੇ ਤੇ ਤਰਬੂਜ਼ ਦਾ ਸਭ ਤੋਂ ਵੱਡਾ ਉਤਪਾਦਕ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਖੇਤੀ ਦੀ ਸਫਲਤਾ ਲਈ ਆਪਣੇ ਖੇਤ ਵਿਚ ਤੁਪਕਾ ਸਿੰਚਾਈ, ਮਲਚਿੰਗ ਸ਼ੀਟ ਅਤੇ ਲੋਅ ਟਨਲ ਦੀ ਵੱਡੇ ਪੱਧਰ ਤੇ ਵਰਤੋ ਕਰ ਰਿਹਾ ਹੈ ਅਤੇ ਇਨ੍ਹਾਂ ਤਕਨੀਕਾਂ ਦੀ ਵਰਤੋਂ ਲਈ ਸਾਰੀ ਆਧੁਨਿਕ ਮਸ਼ੀਨਰੀ ਉਸ ਕੋਲ ਮੌਜੂਦ ਹੈ ਜਿਸ ਕਾਰਨ ਉਹ ਉੱਤਰੀ ਭਾਰਤ 'ਚ ਰਵਾਇਤੀ ਖ਼ਰਬੂਜ਼ੇ ਦੀ ਫ਼ਸਲ ਨਾਲੋਂ ਸਵਾ ਮਹੀਨਾ ਪਹਿਲਾਂ ਆਪਣਾ ਉਤਪਾਦ ਮੰਡੀ ਵਿਚ ਭੇਜ ਦਿੰਦਾ ਹੈ।
ਇਸ ਸਫਲ ਕਿਸਾਨ ਵੱਲੋਂ ਪੈਦਾ ਕੀਤੇ ਖ਼ਰਬੂਜ਼ੇ ਤੇ ਤਰਬੂਜ਼ ਦਾ ਭਾਅ ਆਮ ਕਿਸਮਾਂ ਨਾਲੋਂ ਚਾਰ ਤੋ ਪੰਜ ਗੁਣਾ ਹੋਣ ਕਾਰਨ ਸ਼ੁਰੂ ਵਿਚ ਲੋਕਾਂ ਵੱਲੋਂ ਇਸ ਨੂੰ ਖ਼ਰੀਦਣ ਤੋਂ ਹਿਚਕਚਾਹਟ ਵਿਖਾਈ ਗਈ ਜਿਸ ਕਾਰਨ ਮਾਰਕੀਟ ਨੈੱਟਵਰਕ ਤਿਆਰ ਕਰਨ ਲਈ ਵੱਡੇ ਸ਼ਹਿਰਾਂ ਵਿਚ ਸੇਲਜ਼ ਪਰਸਨ ਦਿਹਾੜੀ ਉੱਪਰ ਰੱਖ ਕੇ ਪਹਿਲਾਂ ਲੋਕਾਂ ਨੂੰ ਮੁਫ਼ਤ ਵਿਚ ਵਿਦੇਸ਼ੀ ਤਰਬੂਜ਼ ਤੇ ਖ਼ਰਬੂਜ਼ੇ ਦਾ ਸੁਆਦ ਚਖਾਇਆ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਗਲੇ ਇੱਕ ਦੋ ਹਫ਼ਤਿਆਂ ਵਿਚ ਹੀ ਉਸ ਦੀ ਮੰਗ ਐਨੀ ਜ਼ਿਆਦਾ ਵੱਧ ਗਈ ਕਿ ਸਿਰਫ਼ ਪਟਿਆਲਾ ਅਤੇ ਚੰਡੀਗੜ੍ਹ ਦੀ ਮੰਗ ਵੀ ਪੂਰੀ ਨਾ ਹੋ ਸਕੀ। ਫ਼ਸਲ ਤੋਂ ਹੁੰਦੇ ਲਾਹੇ ਨੂੰ ਵੇਖਦੇ ਹੋਏ ਗਿੱਲ ਨੇ ਤਰਬੂਜ਼ ਤੇ ਖ਼ਰਬੂਜ਼ੇ ਦੀ ਵਿਦੇਸ਼ੀ ਕਿਸਮ ਦੇ ਉਤਪਾਦਨ ਵਿਚ ਵਾਧਾ ਕੀਤਾ ਅਤੇ ਅੱਜ ਉਹ ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਦਿੱਲੀ, ਹਰਿਆਣਾ, ਯੂਪੀ ਅਤੇ ਪੰਜਾਬ ਦੀਆਂ ਵੱਡੀਆਂ ਮੰਡੀਆਂ ਵਿਚ ਜੌਹਰ'ਜ਼ ਫਰੈੱਸ਼ ਬਰਾਂਡ ਹੇਠ ਖ਼ਰਬੂਜ਼ੇ ਤੇ ਤਰਬੂਜ਼ ਦਾ ਸਫਲਤਾ ਪੂਰਵਕ ਮੰਡੀਕਰਨ ਕਰ ਰਿਹਾ ਹੈ। ਇਸ ਕਿਸਾਨ ਨੇ ਆਪਣੇ ਖੇਤਾਂ ਵਿਚ ਕੋਈ ਨੈੱਟ ਹਾਊਸ ਜਾਂ ਪੋਲੀ ਹਾਊਸ ਨਹੀਂ ਲਗਵਾਏ ਸਗੋਂ ਤਾਪਮਾਨ ਵਧਾਉਣ ਜਾਂ ਘਟਾਉਣ ਲਈ ਵਕਤੀ ਪ੍ਰਬੰਧਨ ਕੀਤੇ ਜਾਂਦੇ ਹਨ। ਬਾਜ਼ਾਰ ਵਿਚ ਨਿਰਭਰਤਾ ਘਟਾਉਣ ਲਈ ਇਸ ਕਿਸਾਨ ਨੇ ਘਰ ਵਿਚ ਘਰੇਲੂ ਬਗੀਚੀ ਵੀ ਬਣਾਈ ਹੋਈ ਹੈ। ਖੇਤੀਬਾੜੀ ਤੋਂ ਇਲਾਵਾ ਹੁਣ ਉਸ ਵੱਲੋਂ ਕੋਲਡ ਸਟੋਰ, ਰਾਇਸ ਸ਼ੈਲਰ ਅਤੇ ਇਕ ਟਰੇਡਿੰਗ ਕੰਪਨੀ ਵੀ ਸ਼ੁਰੂ ਕਰ ਲਈ ਹੈ ਜਿਸ ਤੋ ਬਾਅਦ ਉਸ ਵੱਲੋਂ ਪੈਦਾ ਕੀਤੇ ਜਾ ਰਹੇ ਸਾਰੇ ਉਤਪਾਦ ਉਸ ਲਈ ਹੋਰ ਮੁਨਾਫੇਯੋਗ ਬਣ ਗਏ ਹਨ। ਗਿੱਲ ਆਪਣੀ ਸਫਲਤਾ ਦਾ ਰਾਜ ਸਖ਼ਤ ਮਿਹਨਤ, ਉਚ ਪਾਏ ਦੀਆਂ ਤਕਨੀਕਾਂ ਤੇ ਨਿਵੇਸ਼ ਅਤੇ ਮੰਡੀ-ਕਰਨ ਦੇ ਆਪਣੇ ਵੱਖਰੇ ਮਾਡਲ ਨੂੰ ਮੰਨਦਾ ਹੈ।
ਸਫਲ ਕਿਸਾਨ ਗਿੱਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦੀ ਸੁਚੱਜੀ ਵਰਤੋਂ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਪਰਾਲੀ ਕਿਸਾਨਾਂ ਦੀ ਆਮਦਨ ਦਾ ਇੱਕ ਬਹੁਤ ਵੱਡਾ ਸਾਧਨ ਬਣੇਗੀ।