ਆਕਲੈਂਡ 18 ਅਕਤੂਬਰ 2018 (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿਚ 24 ਘੰਟੇ ਚੱਲਣ ਵਾਲਾ ਪੰਜਾਬੀ ਰੇਡੀਓ 'ਸਾਡੇ ਵਾਲਾ' (87.8 ਐਫ. ਐਮ.) ਮਲਕੜੇ ਜਿਹੇ ਆਵਾਜ ਦੀਆਂ ਤਰੰਗਾ ਲੈ ਕੇ ਪੰਜਾਬੀ ਬੋਲੀ ਦੇ ਪਸਾਰ ਲਈ ਸ਼ੁਰੂ ਹੋਇਆ ਸੀ, ਪਰ ਸਫ਼ਰ ਐਨਾ ਸੁਹਾਨਾ ਸਾਬਿਤ ਹੋਇਆ ਕਿ ਅੱਜ ਇਸਨੇ ਦੂਸਰੇ ਸਾਲ ਦੇ ਸਫ਼ਰ 'ਤੇ ਆਪਣੇ ਪੈਰ ਧਰ ਲਏ ਹਨ। ਪਹਿਲੀ ਸਾਰਗਿਰਾ ਮਨਾਉਣ ਵਾਸਤੇ ਹੌਵਿਕ ਸਥਿਤ ਬੋਲੀਵੁੱਡ ਰੈਸਟੋਰੈਂਟ ਵਿਖੇ ਇਕ ਸਮਾਗਮ ਰੱਖਿਆ ਗਿਆ। ਦੋਹਾਂ ਪੰਜਾਬਾਂ ਦੀ ਸਾਂਝ ਪਾਉਂਦੇ ਪਤਵੰਤੇ ਅਤੇ ਮਹਿਮਾਨ ਉਥੇ ਪੁੱਜੇ। ਰੇਡੀਓ ਦੇ ਹੋਸਟ ਅਤੇ ਰੇਡੀਓ ਨੂੰ ਲੀਹੇ ਚਾੜ੍ਹਨ ਵਾਲੇ ਸ. ਜਸਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਰੇਡੀਓ ਸਾਡੇ ਆਲਾ ਦੀ ਸ਼ੁਰੂਆਤ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਕਿਵੇਂ ਉਨ੍ਹਾਂ ਨੇ ਬੱਸ ਏਦਾਂ ਦੀ ਹਾਸੇ-ਮਜ਼ਾਕ ਕਰਦਿਆਂ ਰੇਡੀਓ ਸ਼ੁਰੂ ਕਰ ਲਿਆ ਅਤੇ ਫਿਰ ਲੋਕਾਂ ਤੋਂ ਮਿਲੇ ਪਿਆਰ ਨੇ ਤਰੰਗਾ ਦਾ ਮਿਆਰ ਸਿਖਰਾਂ 'ਤੇ ਪਹੁੰਚਾ ਦਿੱਤਾ। ਜਸਮੀਤ ਸਿੰਘ ਹੋਰਾਂ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੀ ਮੈਨੇਜਮੈਂਟ, ਆਪਣੇ ਸਾਰੇ ਪੇਸ਼ਕਾਰਾਂ, ਸਪਾਂਸਰਜ਼ ਅਤੇ ਸਰੋਤਿਆਂ ਨੂੰ ਚਾਰ ਥੰਮ ਦਸਦਿਆਂ ਇਸੀ ਤਰ੍ਹਾਂ ਅਧਾਰ ਬਣੇ ਰਹਿਣ ਦੀ ਅਪੀਲ ਕੀਤੀ।
ਰੇਡੀਓ ਸਟੇਸ਼ਨ ਮੈਨੇਜਰ ਸ੍ਰੀ ਨਾਸਿਰ ਖਾਨ ਸ਼ੁਰੂਆਤੀ ਦਿਨਾਂ ਦੀਆਂ ਯਾਦਾਂ ਤਾਜ਼ਾਂ ਕੀਤੀਆਂ ਅਤੇ ਆਪਣੇ ਕੁਝ ਰੇਡੀਓ ਜੌਕੀਜ਼ ਦੇ ਨਾਲ ਸਾਂਝ ਪਵਾਈ। ਇਸ ਤੋਂ ਇਲਾਵਾ ਪਹੁੰਚੇ ਪਤਵੰਤਿਆਂ ਚੋਂ ਸ੍ਰੀ ਅਸ਼ਰਫ ਚੌਧਰੀ, ਸ੍ਰੀ ਤੌਫੀਕ ਖਾਨ, ਸ. ਦਲਜੀਤ ਸਿੰਘ, ਸ੍ਰੀ ਰਾਜ ਪ੍ਰਦੀਪ ਸਿੰਘ, ਆਰ. ਜੇ., ਸ਼ਰਨਜੀਤ ਸਿੰਘ, ਆਰ.ਜੇ. ਭੁਪਿੰਦਰ ਸਿੰਘ, ਆਰ. ਜੇ. ਗੁਰਪ੍ਰੀਤ ਸਿੰਘ ਨੇ ਵੀ ਆਪਣੇ-ਆਪਣੇ ਵਿਚਾਰ ਰੱਖਦਿਆਂ ਪਹਿਲੀ ਸਾਲਗਿਰਾ ਦੀ ਵਧਾਈ ਦਿਤੀ। ਰੇਡੀਓ ਸਾਡੇ ਆਲਾ ਅਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਭਵਿੱਖ ਵਿਚ ਕੀਤੇ ਜਾ ਰਹੇ ਭਲਾਈ ਕਾਰਜਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਗਈ। ਲੇਬਰ ਪਾਰਟੀ ਤੋਂ ਬਲਜੀਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਰੇਡੀਓ ਸਾਡੇ ਆਲਾ 'ਤੇ ਪਹੁੰਚਦੇ ਪੰਜਾਬੀ ਸੱਥ ਦੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਮਾਨ-ਸਨਮਾਨ ਦਿੰਦਿਆ ਸਾਲਗਿਰਾ ਦਾ ਕੇਕ ਉਨ੍ਹਾਂ ਦੇ ਹੱਥੀਂ ਕਟਵਾਇਆ ਗਿਆ। ਨਿਊਪਲੇਮੱਥ ਤੋਂ ਪਹੁੰਚੇ ਗਾਇਕ ਜੱਸੀ ਗੁਰੂ ਸ਼ੇਰ ਨੇ ਵੀ ਇਕ ਗੀਤ ਨਾਲ ਹਾਜ਼ਰੀ ਲਗਵਾਈ ਤੇ ਆਉਣ ਵਾਲਾ ਗੀਤ 'ਜੱਦੀ ਪੁਸ਼ਤੀ ਸਰਦਾਰ' ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਰੇਡੀਓ ਸਾਡੇ ਆਲਾ ਮੈਨੇਜਮੈਂਟ ਦੀ ਤਰਫ ਤੋਂ ਇਹ ਸਪਸ਼ਟ ਕੀਤਾ ਗਿਆ ਕਿ ਇਸ ਰੇਡੀਓ ਤੋਂ ਜਿਹੜੀ ਵੀ ਆਮਦਨ ਪੈਦਾ ਹੁੰਦੀ ਹੈ ਉਸਦਾ 100% ਹਿੱਸਾ ਉਪਕਾਰੀ ਕਾਰਜਾਂ (ਚੈਰੀਟੇਬਲ ਕੰਮਾਂ) ਵਾਸਤੇ ਲਾਇਆ ਜਾਂਦਾ ਹੈ। ਕੋਈ ਵੀ ਪੈਸਾ ਨਿੱਜੀ ਵਰਤੋਂ ਲਈ ਨਹੀਂ ਰੱਖਿਆ ਜਾਂਦਾ।