ਪਟਿਆਲਾ,18 ਅਕਤੂਬਰ 2018: ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਦੁਸਹਿਰੇ ਤੇ ਆਵਾਮ ਨੂੰ ਮੁਬਾਰਕਬਾਦ ਦਿੰਦਿਆਂ ਇਸ ਪਵਿੱਤਰ ਤਿਉਹਾਰ ਨੂੰ ਸ਼ੋਰ-ਮੁਕਤ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਮੈਂਬਰ ਸਕੱਤਰ ਸ਼੍ਰੀ ਕਰੁਨੇਸ਼ ਗਰਗ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਰਿੱਟ ਦਾ ਫ਼ੈਸਲਾ ਦਿੰਦਿਆਂ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਫ਼ੂਕਦਿਆਂ ਪਟਾਖ਼ਿਆਂ ਦਾ ਸਮਾਂ ਸ਼ਾਮ 5 ਵਜੇ ਤੋਂ 8 ਵਜੇ ਤੱਕ ਨਿਸ਼ਚਿਤ ਕੀਤਾ ਹੈ ਤਾਂ ਜੋ ਲੋਕ ਸ਼ਰਧਾ ਨਾਲ ਇਸ ਤਿਉਹਾਰ ਨੂੰ ਮਨਾ ਸਕਣ। ਉਹਨਾਂ ਦੱਸਿਆ ਕਿ ਬੇਸ਼ੱਕ ਦੁਸਹਿਰੇ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਪਰ ਰਾਵਣ ਦੇ ਪੁਤਲਿਆਂ ਵਿੱਚ ਪਾਏ ਜਾਂਦੇ ਪਟਾਖੇ ਜਿੱਥੇ ਬਹੁਤ ਜ਼ਿਆਦਾ ਸ਼ੋਰ ਪੈਦਾ ਕਰਦੇ ਹਨ ਉੱਥੇ ਇਹਨਾਂ ਪਟਾਖਿਆਂ ਦੇ ਜਲਣ ਤੋਂ ਪੈਦਾ ਹੋਈਆਂ ਗੈਸਾਂ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ ਜਿਸ ਨਾਲ ਸਮੁੱਚੇ ਆਵਾਮ ਦੀ ਸਿਹਤ ਤੇ ਮਾਰੂ ਅਸਰ ਹੁੰਦਾ ਹੈ।
ਬੋਰਡ ਦੇ ਚੇਅਰਮੈਨ ਪ੍ਰੋ. ਐੱਸ.ਐੱਸ. ਮਰਵਾਹਾ ਨੇ ਆਮ ਆਵਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਨੂੰ ਹੋਰ ਪਵਿੱਤਰ ਕਰਨ ਲਈ ਰਾਵਣ ਦੇ ਪੁਤਲੇ ਸਾੜਦਿਆਂ ਪਟਾਖਿਆਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਜੋ ਸ਼ੋਰ ਅਤੇ ਹਵਾ-ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਉਹਨਾਂ ਪਬਲਿਕ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਮੇਂ ਦੀ ਪਾਬੰਦੀ ਇੰਨ-ਬਿੰਨ ਲਾਗੂ ਕੀਤੀ ਜਾਵੇ।