ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ਨੂੰ ਸਮਰਪਿਤ ਸੰਗੀਤਕ ਪ੍ਰੋਗਰਾਮ ਜੀਵੇ ਪੰਜਾਬ 20 ਅਕਤੂਬਰ ਨੂੰ
ਲੁਧਿਆਣਾ, 18 ਅਕਤੂਬਰ 2018 - ਜੀਵੇ ਪੰਜਾਬ ਸੁਰੀਲੀ ਅਤੇ ਸੁਥਰੀ ਪੰਜਾਬੀ ਗਾਇਕੀ ਨੂੰ ਸਮਰਪਿਤ ਬੜੇ ਗੁਣਵਾਨ ਜਵਾਨ ਕਲਾਕਾਰਾਂ ਦਾ ਗਰੁੱਪ ਹੈ। ਹੀਰਿਆਂ ਵਰਗੇ ਗੱਭਰੂ ਤੇ ਸੁੱਚੇ ਮੋਤੀਆਂ ਵਰਗੀਆਂ ਮੁਟਿਆਰਾਂ ਸੋਨੇ ਵਰਗਾ ਪੰਜਾਬੀ ਕਲਾਮ ਬਹੁਤ ਆਹਲਾ ਦਰਜੇ ਦੇ ਸੰਗੀਤ ਵਿਚ ਪਰੋ ਕੇ ਪੇਸ਼ ਕਰਦੇ ਹਨ। ਪੰਜਾਬੀ ਸੁਖ਼ਨ ਦੀਆਂ ਉਹ ਸ਼ਾਨਦਾਰ ਰਚਨਾਵਾਂ ਪੇਸ਼ ਕਰਦੇ ਹਨ ਜੋ ਪਹਿਲਾਂ ਘੱਟ ਹੀ ਗਾਈਆਂ ਸੁਣੀਆਂ ਗਈਆਂ ਹਨ। ਕੁਮਾਰ ਸੌਰਵ ਅਤੇ ਹਰਨੂਰ ਸਿੰਘ ਦੀ ਪ੍ਰਬੰਧਕੀ ਅਗਵਾਈ ਹੇਠ 20 ਅਕਤੂਬਰ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਦੇ ਵੱਡੇ ਹਾਲ ਵਿਚ ਸ਼ਾਮ ਨੂੰ ਛੇ ਤੋਂ ਨੌਂ ਵਜੇ ਤੱਕ ਜੀਵੇ ਪੰਜਾਬ ਦਾ ਪ੍ਰੋਗਰਾਮ ਹੋਏਗਾ। ਇਸ ਪ੍ਰੋਗਰਾਮ ਰਾਹੀਂ ਪੰਜਾਬ ਦੀ ਵਿਰਾਸਤੀ ਅਮੀਰੀ ਨੂੰ ਪ੍ਰਗਟਾਉਂਦੇ ਪੰਜਾਬ ਦੇ ਸਾਹਿਤ, ਲੋਕ ਕਲਾਵਾਂ ਅਤੇ ਲੋਕ ਸਾਜਾਂ ਨੂੰ ਦਰਸਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ 8 ਗਾਇਕ ਕਲਾਕਾਰ ਜਿਨ੍ਹਾਂ ਵਿੱਚ ਬੀਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ, ਤਨਵੀਰ ਸੰਧੂ, ਅਰਪਨ ਸੰਧੂ, ਗੁਰਮਨ ਬਿਰਦੀ, ਪ੍ਰਭ ਊਭੀ, ਅਮਨ ਧਾਲੀਵਾਲ ਤੇ ਗਗਨ ਬਾਲੜਾ ਪੰਜਾਬ ਲਈ ਅਸੀਸਮਈ ਸੁਖ਼ਨ ਦਾ ਗਾਇਨ ਕਰਨਗੇ।ਲੱਗਪਗ ਇਕ ਹਜ਼ਾਰ ਲੁਧਿਆਣਾ ਵਾਸੀ ਇਸ ਨਿਵੇਕਲੀ ਸ਼ਾਮ ਦਾ ਆਨੰਦ ਮਾਨਣਗੇ।ਜੀਵੇ ਪੰਜਾਬ ਦੇ ਸਰਪ੍ਰਸਤ ਇੰਜ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਲੁਧਿਆਣਾ ਦੇ ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਨੂੰ ਸਮਰਪਿਤ ਹੋਵੇਗਾ। ਦਾਖਲਾ ਟਿਕਟ ਲਈ ਕੁਮਾਰ ਸੌਰਵ ਨੂੰ 95920 72167 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।